bhagwant mann statement on farmers law:
ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਿਸਾਨਾਂ ਦੀ ਜਿੱਤ: ਭਗਵੰਤ ਮਾਨ
-ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਅਤੇ ਉਚਿਤ ਮੁਆਵਜਾ ਦੇਣ ਦੀ ਕਰਾਂਗੇ ਮੰਗ
-ਪੰਜਾਬ ਵਿੱਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਬਣੀਆਂ ਲੋਕਾਂ ਦੀ ਨਫ਼ਰਤ ਦੀਆਂ ਪਾਤਰ
ਗੁਰਦਾਸਪੁਰ/ ਚੰਡੀਗੜ੍ਹ, 19 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਹੈ ਅਤੇ ਇਸ ਮਹਾਨ ਜਿੱਤ ’ਤੇ ਦੇਸ਼ ਦੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਵੀ ਸੜਕ ਤੋਂ ਸੰਸਦ ਤੱਕ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਹੁਣ ਵੀ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਅਤੇ ਉਚਿਤ ਮੁਆਵਜਾ ਦੇਣ ਦੀ ਮੰਗ ਕਰੇਗੀ।
ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ‘‘ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਵਿੱਚ ਬਹੁਤ ਦੇਰੀ ਕੀਤੀ ਹੈ ਅਤੇ ਇੱਕ ਸਾਲ ਦੇ ਸੰਘਰਸ਼ ਦੌਰਾਨ ਕਰੀਬ 700 ਕਿਸਾਨ ਸ਼ਹੀਦ ਹੋ ਚੁੱਕੇ ਸਨ। ਕਿਸਾਨਾਂ ਦੀਆਂ ਸ਼ਹੀਦੀਆਂ ਲਈ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਜ਼ਿੰਮੇਵਾਰ ਹਨ। ਚੰਗਾ ਹੁੰਦਾ ਪ੍ਰਧਾਨ ਮੰਤਰੀ 23 ਫ਼ਸਲਾਂ ’ਤੇ ਐਮ.ਐਸ.ਪੀ ਦਾ ਵੀ ਐਲਾਨ ਕਰਦੇ ਤਾਂ ਕਿਸਾਨ ਖੁਸ਼ੀ- ਖੁਸ਼ੀ ਆਪਣੇ ਖੇਤਾਂ ਵੱਲ ਨੂੰ ਚਲੇ ਜਾਂਦੇ।’’ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਵੱਖਵਾਦੀ, ਨਕਸਲੀ, ਦੇਸ਼ ਧਰੋਹੀ ਕਹਿਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਨੂੰ ਕਿਸਾਨਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਅਵਜਾ ਵੀ ਦੇਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ ਦਾ ਕ੍ਰੈਡਿਟ (ਲਾਹਾ) ਕੇਵਲ ਤੇ ਕੇਵਲ ਕਿਸਾਨਾਂ ਨੂੰ ਹੀ ਜਾਂਦਾ ਹੈ, ਜਿਨ੍ਹਾਂ ਲੰਮਾਂ ਸਮਾਂ ਸੰਘਰਸ਼ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀ। ਕੋਈ ਵੀ ਰਾਜਨੀਤਿਕ ਪਾਰਟੀ ਕਾਨੂੰਨ ਰੱਦ ਕਰਨ ਦਾ ਕ੍ਰੈਡਿਟ ਲੈਣ ਦੀ ਹੱਕਦਾਰ ਨਹੀਂ ਹੈ। ਮਾਨ ਨੇ ਕਿਹਾ, ‘‘ਪੰਜਾਬ ਵਿੱਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਨਫ਼ਰਤ ਦੀਆਂ ਪਾਤਰ ਬਣ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਭਾਜਪਾ ਨਾਲ ਸਰਕਾਰ ਸ਼ੇਅਰ (ਸਾਂਝੀ) ਕਰਦਾ ਸੀ ਅਤੇ ਹੁਣ ਸੀਟਾਂ ਸ਼ੇਅਰ ਕਰੇਗਾ। ਕੈਪਟਨ ਦੀ ਭਾਜਪਾ ਨਾਲ ਸਾਂਝ ਹੁਣ ਜੱਗ ਜਾਹਰ ਹੋ ਚੁੱਕੀ ਹੈ।’’
‘ਆਪ’ ਦੇ ਮੁੱਖ ਮੰਤਰੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੀ ਆਪਣੀ ਇੱਕ ਰਣਨੀਤੀ ਹੈ। ਇਸ ਵਾਰ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਪੰਜਾਬ ਦੀਆਂ ਚੋਣਾ ਵਿੱਚ ਉਤਰੇਗੀ ਅਤੇ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।