India News (ਇੰਡੀਆ ਨਿਊਜ਼), Bhartiya Kisan Union, ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਸੂਬਾ ਕਮੇਟੀ ਦੀ ਪੰਜ ਮੈਂਬਰੀ ਆਗੂ ਕਮੇਟੀ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਕੇਂਦਰ ਸਰਕਾਰ ਦੇ ਸੰਘਰਸ਼ ਸ਼ੀਲ ਕਿਸਾਨਾਂ ਪ੍ਰਤੀ ਤਸ਼ੱਦਦ ਭਰੇ ਜਾਬਰ ਰਵਈਏ ਅਤੇ ਹੱਕੀ ਮੰਗਾਂ ਮੰਨਣ ਤੋਂ ਵਾਰ ਵਾਰ ਨਾਂਹ ਵਾਲੇ ਵਤੀਰੇ ਨੂੰ ਮੁੱਖ ਰੱਖਦਿਆਂ ਕੇਂਦਰ ਵਾਲੀਆਂ ਹੱਕੀ ਮੰਗਾਂ ਖਾਤਰ ਸ਼ੰਭੂ ਅਤੇ ਖਨੌਰੀ ਬਾਡਰਾਂ ਉੱਤੇ ਚੱਲ ਰਹੇ ਘੋਲ ਧਰਨਿਆਂ ਨਾਲ ਤਾਲ ਮੇਲ ਸੰਘਰਸ਼ ਵਿੱਚ ਜੀਅ ਜਾਨ ਨਾਲ ਕੁੱਦਣ ਦਾ ਫੈਸਲਾ ਲਿਆ ਗਿਆ ਹੈ।
ਪੰਜਾਬ ਵਿੱਚ ਟੋਲ ਪਲਾਜੇ ਫਰੀ
ਸੰਗਰੂਰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਅਤੇ ਮਲੇਰਕੋਟਲਾ ਦੇ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਪੰਜ ਮੈਂਬਰੀ ਸੱਦੇ ਤੇ ਪਟਿਆਲਾ ਵਿਖੇ ਭਾਜਪਾ ਦੇ ਮੁੱਖ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਅੱਗੇ ਲਾਇਆ ਹੋਇਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਸਮੇਂ ਦੱਸਿਆ ਕਿ ਪੂਰੇ ਪੰਜਾਬ ਅੰਦਰ ਬੀਤੇ ਦਿਨ ਤੋਂ ਲੈਕੇ ਅੱਜ ਤੱਕ ਪੰਜਾਬ ਵਿੱਚ ਟੋਲ ਪਲਾਜੇ ਫਰੀ ਕਰ ਦਿੱਤੇ ਗਏ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ੋ ਕਿਸਾਨ ਸ਼ੰਭੂ ਅਤੇ ਖਨੌਰੀ ਬਾਡਰਾਂ ਵਿਖੇ ਸੰਘਰਸ਼ ਕਰ ਰਹੇ ਹਨ, ਮੌਕੇ ਦੀ ਭਾਜਪਾ ਹਕੂਮਤ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਤੇ ਅੰਨ੍ਹੇ ਵਾਹ ਤਸ਼ੱਦਦ ਕਰਕੇ ਉਨ੍ਹਾਂ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਗੈਸ ਦੇ ਦਾਗੇ ਜਾ ਰਹੇ ਹਨ, ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ ਅਤੇ ਫਾਇਰਿੰਗ ਵੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੰਘਰਸ਼ੀ ਯੋਧਿਆਂ ਦਾ ਸਮਰਥਨ ਕਰਦੀ ਹੈ।
ਸੈਂਟਰ ਸਰਕਾਰ ਦੀ ਤਰਫੋਂ ਮੁੱਖ ਮੰਗਾਂ
ਉਹਨਾਂ ਕਿਹਾ ਕਿ ਮੌਕੇ ਦੀ ਭਾਜਪਾ ਮੋਦੀ ਹਕੂਮਤ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰ ਰਹੀ ਹੈ। ਉਸਦਾ ਪੂਰ ਜ਼ੋਰਦਾਰ ਵਿਰੋਧ ਕਰਦੀ ਹੈ,ਕਿਸਾਨ ਆਗੂਆਂ ਨੇ ਕਿਹਾ ਕਿ ਜ਼ੋ ਵੀ ਫੈਸਲਾ ਸੰਯੁਕਤ ਕਿਸਾਨ ਮੋਰਚਾ ਲਵੇਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਪੂਰੇ ਜ਼ੋਰ ਨਾਲ ਲਾਗੂ ਕੀਤਾ ਜਾਵੇਗਾ।
ਮੌਕੇ ਦੀ ਸੈਂਟਰ ਸਰਕਾਰ ਦੀ ਤਰਫੋਂ ਮੁੱਖ ਮੰਗਾਂ ਜਿਵੇਂ ਕਿ ਸਾਰੀਆਂ ਫਸਲਾਂ ਤੇ ਐਮ ਐਸ ਪੀ ਲਾਗੂ ਕਰਨਾ, ਸੀ ਟੂ ਪਲੱਸ ਪੰਜਾਹ ਪਰਸੈਂਟ ਫਾਰਮੂਲਾ ਲਾਗੂ ਕਰਨਾ, ਬਿਜਲੀ ਐਕਟ 2020 ਰੱਦ ਕਰਨਾ, ਕਿਸਾਨਾਂ ਮਜ਼ਦੂਰਾਂ ਤੇ ਪਾਏ ਝੂਠੇ ਪੁਲਿਸ ਪਰਚੇ ਰੱਦ ਕਰਨਾ, ਕਿਸਾਨਾਂ ਮਜ਼ਦੂਰਾਂ ਦੀ 58 ਸਾਲ ਤੇ ਦਸ ਹਜ਼ਾਰ ਰੁਪਏ ਪੈਨਸ਼ਨ ਲਾਗੂ ਕਰਨਾ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ, ਸੰਘਰਸ਼ ਦੋਰਾਨ ਸ਼ਹੀਦ ਹੋਏ ਪੀੜਤ ਪਰਿਵਾਰ ਨੂੰ ਪੂਰਾ ਮੁਆਵਜ਼ਾ ਦੇਣਾ ਸਾਰਾ ਕਰਜ਼ਾ ਖਤਮ ਕਰਨਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣਾ, ਇਸ ਮੌਕੇ ਸੰਗਰੂਰ ਜ਼ਿਲ੍ਹੇ ਦੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਸੰਗਰੂਰ ਜ਼ਿਲ੍ਹੇ ਦੇ ਪ੍ਰੈਸ ਸਕੱਤਰ ਗੋਬਿੰਦਰ ਸਿੰਘ ਮੰਗਵਾਲ ਹਾਜ਼ਰ ਸਨ।
ਇਹ ਵੀ ਪੜ੍ਹੋ :Kisan Aandolan 2.0 : ਕਿਸਾਨ ਅੰਦੋਲਨ ਛੇਵੇਂ ਦਿਨ ਵਿੱਚ ਦਾਖਲ: ਕਿਸਾਨਾਂ ਅਤੇ ਕੇਂਦਰ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਜਾਰੀ