ਕੈਬਿਨੇਟ ਮੰਤਰੀ ਨੇ ਠੋਸ ਕੂੜੇ ਤੋਂ ਬਾਇਓ-ਫਿਊਲ ਪੈਦਾ ਕਰਨ ’ਤੇ ਦਿੱਤਾ ਜ਼ੋਰ

0
161
Bio-fuel from solid waste
Aman Arora presided over the meeting.
ਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ 
ਇੰਡੀਆ ਨਿਊਜ਼, ਚੰਡੀਗੜ੍ਹ (Bio-fuel from solid waste): ਮਿਉਂਸੀਪਲ ਠੋਸ ਕੂੜੇ ਤੇ ਰਹਿੰਦ-ਖੂੰਹਦ (ਐੱਮਐੱਸਡਬਲਿਊ) ਦੇ ਚਿਰਸਥਾਈ ਤੇ ਸੁਚੱਜੇ ਹੱਲ ਤਲਾਸ਼ਣ ਲਈ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ  ਅਮਨ ਅਰੋੜਾ ਨੇ ਠੋਸ ਕੂੜੇ ਤੋਂ ਵਾਤਾਵਰਣ-ਪੱਖੀ ਊਰਜਾ ਅਤੇ ਬਾਇਓ-ਫਿਊਲ ਪੈਦਾ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਵੱਲੋਂ ਇਕ ਬਾਇਓ-ਫਿਊਲ ਕੰਪਨੀ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਸਰਕਾਰ ਗ਼ੈਰ-ਰਵਾਇਤੀ ਅਤੇ ਕੁਦਰਤੀ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗ਼ੈਰ-ਰਵਾਇਤੀ ਅਤੇ ਕੁਦਰਤੀ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਪ੍ਰਦੂਸ਼ਨ ਦੀ ਸਮੱਸਿਆ ਤੋਂ ਨਿਜਾਤ ਪਾ ਕੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਠੋਸ ਰਹਿੰਦ-ਖੂੰਹਦ ਤੋਂ ਬਾਇਓ-ਫਿਊਲ ਅਤੇ ਹਾਈਡ੍ਰੋਜਨ ਪੈਦਾ ਕਰਨ ਦੀਆਂ ਸੰਭਾਵਨਾ ਬਾਰੇ ਪੇਸ਼ਕਾਰੀ ਦਿੰਦੇ ਹੋਏ,ਅਮਨ ਅਰੋੜਾ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚੋਂ 2021 ਵਿੱਚ ਤਕਰੀਬਨ 3,800 ਟਨ ਪ੍ਰਤੀ ਦਿਨ ਕੂੜਾ ਪੈਦਾ ਹੁੰਦਾ ਸੀ। ਐਨੇ ਵੱਡੇ ਪੱਧਰ ’ਤੇ ਰਲੇ-ਮਿਲੇ (ਅਨਸੈਗਰੀਗੇਟਡ) ਕੂੜੇ ਨੂੰ ਨਜਿੱਠਣਾ ਇਕ ਵੱਡੀ ਚੁਣੌਤੀ ਹੈ, ਜਿਸ ਦੇ ਨਤੀਜੇ ਵਜੋਂ ਖੁੱਲੀਆਂ ਥਾਵਾਂ (ਲੈਂਡਫਿਲਜ਼) ਉਤੇ ਕੂੜੇ ਨੂੰ ਵੱਡੇ ਪੱਧਰ ’ਤੇ ਡੰਪ ਕੀਤਾ ਜਾਂਦਾ ਹੈ।

ਹੱਬ ਐਂਡ ਸਪੋਕ ਮਾਡਲ ਤਿਆਰ

ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਡਾ. ਗੁਰਜੋਤ ਸਿੰਘ, ਡਾਇਰੈਕਟਰ ਬਾਇਓਸ਼ਕਤੀ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਇਕ ਹੱਬ ਐਂਡ ਸਪੋਕ ਮਾਡਲ ਤਿਆਰ ਕੀਤਾ ਹੈ, ਜਿਸ ਵਿੱਚ ਨੇੜਲੀਆਂ ਸ਼ਹਿਰੀ ਸਥਾਨਕ ਇਕਾਈਆਂ ਵਿਖੇ ਆਟੋਮੈਟਿਕ ਤਰੀਕੇ ਨਾਲ ਰਹਿੰਦ-ਖੂੰਹਦ (ਅਨਸੈਗਰੀਗੇਟਡ ਵੇਸਟ) ਨੂੰ ਵੱਖ ਕੀਤਾ ਜਾਵੇਗਾ, ਜਿਸ ਨੂੰ ਅੱਗੇ ਸਥਾਪਤ ਤਕਨਾਲੋਜੀ ਰਾਹੀਂ ਜੈਵਿਕ ਭਰਭੂਰ ਅੰਸ਼ਾਂ ਅਤੇ ਬਲਣਸ਼ੀਲ ਅੰਸ਼ਾਂ (ਆਰਡੀਐਫ) ਵਿੱਚ ਤਬਦੀਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜੈਵਿਕ ਭਰਭੂਰ ਅੰਸ਼ਾਂ ਨੂੰ ਬਾਇਓ-ਸੀਐਨਜੀ ਅਤੇ ਉੱਚ-ਗੁਣਵੱਤਾ ਵਾਲੀ ਖਾਦ ਬਣਾਉਣ ਲਈ ਇਕ ਡਰਾਈ ਐਨਾਇਰੋਬਿਕ ਡਾਇਜੈਸ਼ਨ ਪਲਾਂਟ ਵਿੱਚ ਪ੍ਰੋਸੈੱਸ ਕੀਤਾ ਜਾਵੇਗਾ, ਜਦੋਂਕਿ, ਆਰਡੀਐਫ ਨੂੰ ਛੋਟੇ-ਛੋਟੇ ਭਾਗਾਂ ’ਚ ਤੋੜਕੇ, ਗੰਢਾਂ ਬਣਾ ਕੇ ਇਕ ਕੇਂਦਰੀ ਰਿਫਾਈਨਰੀ ਵਿੱਚ ਲਿਜਾਇਆ ਜਾਵੇਗਾ ਜਿੱਥੇ ਇਸ ਨੂੰ ਮੀਥਾਨੌਲ, ਬਾਇਓਡੀਜ਼ਲ ਅਤੇ ਹਵਾਬਾਜ਼ੀ ਲਈ ਵਰਤੇ ਜਾਣ ਵਾਲੇ ਈਂਧਣ ਬਣਾਉਣ ਲਈ ਗੈਸੀਫਾਈਡ ਕੀਤਾ ਜਾਵੇਗਾ।

ਇਨ੍ਹਾਂ ਸ਼ਹਿਰਾਂ ਵਿੱਚ ਲਗਣਗੇ ਪਲਾਂਟ

ਮਿਉਂਸੀਪਲ ਠੋਸ ਕੂੜੇ ਦੇ ਸੁਚੱਜੇ ਨਿਪਟਾਰੇ ਲਈ ਅਜਿਹਾ ਪਹਿਲਾ ਪਲਾਂਟ ਲੁਧਿਆਣਾ, ਪਟਿਆਲਾ, ਐਸਏਐਸ ਨਗਰ ਅਤੇ ਨੇੜਲੇ ਯੂਐਲਬੀਜ਼ ਵਿੱਚ ਸਥਾਪਤ ਕੀਤੇ ਜਾਣ ਦੀ ਤਜਵੀਜ਼ ਹੈ। ਕੰਪਨੀ ਸ਼ਹਿਰੀ ਸਥਾਨਕ ਇਕਾਈਆਂ ਦੇ ਸਹਿਯੋਗ ਨਾਲ ਹੱਬ ਅਤੇ ਸਪੋਕਸ ਸਥਾਪਤ ਕਰਨ ਲਈ 1500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਪਲਾਂਟ 500 ਗ੍ਰੀਨ ਜਾਬਜ਼ ਪੈਦਾ ਕਰੇਗਾ ਅਤੇ ਰਾਜ ਦੇ ਇਨ੍ਹਾਂ ਪ੍ਰਮੁੱਖ ਸ਼ਹਿਰੀ ਕੇਂਦਰਾਂ ਤੋਂ 1600 ਟੀਪੀਡੀ ਠੋਸ ਕੂੜੇ ਨੂੰ ਸੰਭਾਲਣ ਦੇ ਯੋਗ ਹੋਵੇਗਾ।
SHARE