ਪੰਜਾਬੀ ਭਾਸ਼ਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰ

0
200
ਇੰਡੀਆ ਨਿਊਜ਼, ਪਟਿਆਲਾ: ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫਤਰ ਦਾ ਦੌਰਾ ਕਰਦਿਆਂ ਵਿਭਾਗ ਦੀਆਂ ਸਰਗਰਮੀਆਂ, ਯੋਜਨਾਵਾਂ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ।
ਮੀਤ ਹੇਅਰ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ‘ਚ ਹੋਰ ਸੁਧਾਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਲਈ ਪਹਿਲ ਦੇ ਅਧਾਰ ‘ਤੇ ਨਿੱਗਰ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਵੱਲੋਂ ਜਲਦ ਤੋਂ ਜਲਦ ਬਕਾਇਆ ਰਹਿੰਦੇ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਭਾਸ਼ਾ ਵਿਭਾਗ ਕੋਲ ਸਾਹਿਤ ਦਾ ਵੱਡਮੁੱਲਾ ਖਜ਼ਾਨਾ

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਭਾਸ਼ਾ ਵਿਭਾਗ ਕੋਲ ਸਾਹਿਤ ਦਾ ਵੱਡਮੁੱਲਾ ਖਜ਼ਾਨਾ ਮੌਜੂਦ ਹੈl ਜਿਸ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣਾ ਵਿਭਾਗ ਦਾ ਪਹਿਲਾ ਟੀਚਾ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਦੇ ਨਾਲ ਨਵੀਂ ਪੀੜ੍ਹੀ ਆਪਣੇ ਵੱਡਮੁੱਲੇ ਵਿਰਸੇ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਸਾਹਿਤ ਨਾਲ ਜੋੜ ਕੇ ਵਧੀਆ ਸਮਾਜ ਸਿਰਜਣ ਲਈ ਵੱਡੇ ਪੱਧਰ ‘ਤੇ ਸਰਗਰਮੀਆਂ ਚਲਾਉਣ ਦੀ ਜ਼ਿੰਮੇਵਾਰੀ ਇਸ ਵਿਭਾਗ ਕੋਲ ਹੈ।
ਮੀਤ ਹੇਅਰ ਨੇ ਭਾਸ਼ਾ ਵਿਭਾਗ ਦੀ ਲਾਇਬਰੇਰੀ ਦਾ ਦੌਰਾ ਕਰਨ ਮੌਕੇ ਇੱਥੇ ਮੌਜੂਦ ਪੁਰਾਤਨ ਹੱਥ ਲਿਖਤ ਸਾਹਿਤਕ ਕਿਰਤਾਂ ‘ਚ ਖਾਸ ਰੁਚੀ ਦਿਖਾਈ। ਉਨ੍ਹਾਂ ਵਿਭਾਗ ਵੱਲੋਂ ਇਨ੍ਹਾਂ ਲਿਖਤਾਂ ਨੂੰ ਡਿਜ਼ੀਟਲ ਰੂਪ ‘ਚ ਸੰਭਾਲਣ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ, ਪਰਵੀਨ ਕੁਮਾਰ, ਸੁਖਪ੍ਰੀਤ ਕੌਰ, ਅਮਰਿੰਦਰ ਸਿੰਘ, ਸੁਰਿੰਦਰ ਕੌਰ, ਡਾ. ਭੀਮਇੰਦਰ ਸਿੰਘ, ਜ਼ਿਲਾ ਭਾਸ਼ਾ ਅਫਸਰ ਚੰਦਨਦੀਪ ਕੌਰ, ਖੋਜ ਅਫਸਰ ਰਾਬੀਆ, ਦਵਿੰਦਰ ਕੌਰ, ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਸੰਤੋਖ ਸੁੱਖੀ, ਡਾ. ਸੱਤਪਾਲ ਸਿੰਘ ਚਹਿਲ ਤੇ ਕਰਮਚਾਰੀ ਮੌਜੂਦ ਸਨ।
SHARE