India News (ਇੰਡੀਆ ਨਿਊਜ਼), Checking By The Flying Team, ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗੁਵਾਈ ਅਤੇ ਸਕੱਤਰ ਅੰਮ੍ਰਿਤ ਕੌਰ ਗਿੱਲ ਦੇ ਦਿਸਾ-ਨਿਰਦੇਸ਼ ਤਹਿਤ ਮੁੱਖ ਦਫਤਰ ਦੀ ਵਿਸ਼ੇਸ਼ ਫਲਾਇੰਗ ਸੂਕੇਡ ਟੀਮ ਵੱਲੋਂ ਅੱਜ ਲੁਧਿਆਣਾ-ਜਗਰਾਓ ਰੋਡ ਉਪਰ ਸਵੇਰੇ 3 ਵਜੇ ਵਿਸ਼ੇਸ਼ ਨਾਕਾ ਲਗਾਇਆ ਗਿਆ। ਇਸ ਦੌਰਾਨ ਟੀਮ ਵੱਲੋਂ ਗੱਡੀਆਂ ਨੂੰ ਰੋਕ ਕੇ ਖੇਤੀਬਾੜੀ ਜਿਣਸਾਂ ਨੂੰ ਚੈੱਕ ਕੀਤਾ ਗਿਆ। ਇਸ ਮੌਕੇ ਕੁੱਲ 23 ਗੱਡੀਆਂ ਵਿੱਚ ਚਾਵਲ, ਚਾਵਲ ਟੋਟਾ, ਨੱਕੂ ਪਾਇਆ ਗਿਆ।
ਪੜਤਾਲ ਮੁਕੰਮਲ ਹੋਣ ਉਪਰੰਤ ਬਣਦੀ ਕਾਰਵਾਈ
ਇਸ ਸਬੰਧ ਵਿੱਚ ਜਾਣਕਾਰੀ ਦਿੰਦੀਆਂ ਪੜਤਾਲੀਆਂ ਟੀਮ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਸਬੰਧਤ ਗੱਡੀਆਂ ਦੀ ਚੈਕਿੰਗ ਦੌਰਾਨ ਕਾਬੂ ਕੀਤੇ ਵੱਖ-ਵੱਖ ਦਸਤਾਵੇਜ ਜਿਵੇਂ ਕਿ ਬਿੱਲ, ਬਿਲਟੀਆਂ ਆਦਿ ਦੀ ਪੜਤਾਲ ਵਿਚਾਰ ਅਧੀਨ ਹੈ ਅਤੇ ਜਲਦ ਹੀ ਪੜਤਾਲ ਮੁਕੰਮਲ ਹੋਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਖੇਤੀਬਾੜੀ ਜਿਣਸਾਂ ਦੀ ਖਰੀਦ-ਵੇਚ ਉਪਰ ਬਣਦੀ ਮਾਰਕਿਟ ਫੀਸ ਅਤੇ ਆਰ.ਡੀ.ਐਫ. ਦੀ ਪੂਰੀ ਵਸੂਲੀ ਨੂੰ ਯਕੀਨੀ ਬਣਾਇਆ ਜਾਵੇਗਾ।
ਅਧਿਕਾਰੀਆਂ ਵੱਲੋਂ ਵਪਾਰੀਆਂ ਨੂੰ ਅਪੀਲ
ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਯੋਗ ਅਗੁਵਾਈ ਵਿੱਚ ਭਵਿੱਖ ਵਿੱਚ ਵੀ ਇਹੋ ਜਿਹੀਆਂ ਵਿਸ਼ੇਸ਼ ਚੈਕਿੰਗਾਂ ਕੀਤੀਆਂ ਜਾਇਆ ਕਰਨਗੀਆਂ, ਤਾਂ ਜੋ ਕੰਮ ਵਿੱਚ ਪਾਰਦ੍ਰਸ਼ਿਤ ਲਿਆਂਦੀ ਜਾ ਸਕੇ। ਟੀਮ ਅਧਿਕਾਰੀਆਂ ਵੱਲੋਂ ਵਪਾਰੀਆਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਰਾਜ ਅੰਦਰ ਖੇਤੀਬਾੜੀ ਜਿਣਸਾਂ ਦੀ ਖਰੀਦ-ਫਰੋਖਤ ਰੂਲਾਂ ਅਨੁਸਾਰ ਕੀਤੀ ਜਾਵੇ ਅਤੇ ਇਨ੍ਹਾਂ ਜਿਣਸਾਂ ਦੀ ਮੂਵਮੈਂਟ ਸਬੰਧੀ ਵੀ.ਟੀ.ਐਸ. ਸਾਫਟਵੇਅਰ (ਵਹੀਕਲ ਟਰੈਕਿੰਗ ਸਿਸਟਮ) ਰਾਹੀਂ ਟੋਕਨ ਜਨਰੇਟ ਕਰਦੇ ਹੋਏ ਸਬੰਧਤ ਮਾਰਕਿਟ ਕਮੇਟੀ ਨੂੰ ਵੀ ਅਗਾਂਓ ਸੂਚਨਾ ਦਿੱਤੀ ਜਾਵੇ।