India News (ਇੰਡੀਆ ਨਿਊਜ਼), CM Bhagwant Mann, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਸੁਖਾਲੀਆਂ ਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਦੇਣ ਦੀ ਵਚਨਬੱਧਤਾ ਉਤੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਮੁਹਾਲੀ ਦੇ ਸਬ ਰਜਿਸਟਰਾਰ ਦਫਤਰ ਨੂੰ ਅਤਿ-ਆਧੁਨਿਕ ਬਣਾਇਆ ਜਾ ਰਿਹਾ ਹੈ। ਇਸ ਦਫਤਰ ਵਿੱਚ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਇਕੋ ਛੱਤ ਹੇਠ ਇਕੋਂ ਦਿਨ ਵਿੱਚ ਸਾਰੀਆਂ ਸੇਵਾਵਾਂ ਮਿਲਣਗੀਆਂ ਅਤੇ 90 ਮਿੰਟਾਂ ਅੰਦਰ ਜਾਇਦਾਦ ਖਰੀਦਣ ਵਾਲੇ ਰਜਿਸਟਰੀ ਦੀ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਉੱਤੇ ਰਜਿਸਟਰੀ ਦੀ ਕਾਪੀ ਮਿਲੇਗੀ।
ਮੁੱਖ ਮੰਤਰੀ ਦੇ ਸਖਤ ਨਿਰਦੇਸ਼
ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਬਣ ਰਹੇ ਪੰਜਾਬ ਦੇ ਪਹਿਲੇ ਅਤਿ-ਆਧੁਨਿਕ ਸਬ ਰਜਿਸਟਰਾਰ ਦਫਤਰ ਦੇ ਕੰਮ ਦੀ ਸਮੀਖਿਆ ਕਰਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਦੌਰਾ ਕੀਤਾ ਗਿਆ।ਉਨ੍ਹਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਵੱਖ-ਵੱਖ ਦਫ਼ਤਰਾਂ ਜਿਵੇਂ ਕਿ ਤਹਿਸੀਲ ਦਫਤਰ, ਫਰਦ ਕੇਂਦਰ, ਆਰ.ਟੀ.ਏ. ਆਦਿ ਦਾ ਅਚਨਚੇਤੀ ਦੌਰਾ ਕਰ ਕੇ ਉੱਥੇ ਮੌਜੂਦ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਦਫਤਰਾਂ ਵਿੱਚ ਮੌਜੂਦ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਦੇ ਸਖਤ ਨਿਰਦੇਸ਼ ਹਨ ਕਿ ਸਰਕਾਰੀ ਦਫਤਰਾਂ ਵਿੱਚ ਕੰਮ ਆਉਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਲੋਕਾਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਸੇਵਾਵਾਂ ਮਿਲਣ।
ਰਜਿਸਟਰੀ ਕਰਵਾਉਣ ਵਾਲਿਆਂ ਦੀ ਖੱਜਲ ਖੁਆਰੀ ਬਿਲਕੁਲ ਖਤਮ
ਮੁੱਖ ਸਕੱਤਰ ਵਰਮਾ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਨਵੇਂ ਬਣਨ ਵਾਲੇ ਦਫ਼ਤਰ ਦਾ ਦੌਰਾ ਕਰਨ ਤੋਂ ਬਾਅਦ ਇਸ ਸਬੰਧੀ ਵਿਸਥਾਰਤ ਮੀਟਿੰਗ ਵੀ ਕੀਤੀ। ਵਰਮਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟਰੀ ਕਰਵਾਉਣ ਵਾਲਿਆਂ ਦੀ ਖੱਜਲ ਖੁਆਰੀ ਬਿਲਕੁਲ ਖਤਮ ਕਰਨ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਕਰਨ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਬ ਰਜਿਸਟਰਾਰ ਦਫਤਰ ਸਥਾਪਤ ਕੀਤਾ ਜਾ ਰਿਹਾ ਹੈ।
ਰਜਿਸਟਰੀ ਦੀ ਪ੍ਰਕਿਰਿਆ 90 ਮਿੰਟਾਂ ਦੇ ਅੰਦਰ ਮੁਕੰਮਲ
ਨਵੇਂ ਦਫਤਰ ਦੇ ਨਿਵੇਕਲੇ ਪਹਿਲੂਆਂ ਉਤੇ ਝਾਤ ਪਾਉਂਦਿਆਂ ਵਰਮਾ ਨੇ ਦੱਸਿਆ ਕਿ ਰਜਿਸਟਰੀ ਦਾ ਵਸੀਕਾ ਤਿਆਰ ਕਰਨ ਤੋਂ ਲੈ ਕੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਅਧਿਕਾਰਤ ਕਾਊਂਟਰ ਤੋਂ ਸਟੈਂਪ ਪੇਪਰਾਂ ਦੀ ਖਰੀਦ, ਸ਼ਨਾਖਤ ਲਈ ਈ.ਕੇ.ਵਾਈ.ਸੀ., ਜਾਇਦਾਦ ਦੀ ਖਰੀਦ ਤੇ ਵੇਚ ਕਰਨ ਵਾਲੇ ਦੀ ਗਵਾਹ ਸਮੇਤ ਉਚ ਕੁਆਲਟੀ ਦੀ ਤਸਵੀਰ ਖਿਚਵਾਉਣੀ ਅਤੇ ਰਜਿਸਟਰੀ ਦੀ ਇਹ ਸਾਰੀ ਪ੍ਰਕਿਰਿਆ 90 ਮਿੰਟਾਂ ਦੇ ਅੰਦਰ ਮੁਕੰਮਲ ਹੋਵੇਗੀ ਜਿਸ ਵਿੱਚ ਰਜਿਸਟਰੀ ਦਾ ਰੰਗਦਾਰ ਪ੍ਰਿੰਟ ਮਿਲਣ ਦੀ ਸਹੂਲਤ ਇਕ ਛੱਤ ਹੇਠ ਮਿਲੇਗੀ। ਉਨ੍ਹਾਂ ਕਿਹਾ ਕਿ ਰਜਿਸਟਰੀ ਲਿਖਣ ਦੇ ਵੱਖ-ਵੱਖ ਕਾਊਂਟਰ ਇਸੇ ਦਫਤਰ ਵਿੱਚ ਹੋਣਗੇ।ਇਸ ਤੋਂ ਇਲਾਵਾ ਜੇਕਰ ਕੋਈ ਆਪਣੇ ਆਪ ਵਸੀਕਾ ਲਿਖਣਾ ਚਾਹੁੰਦਾ ਹੈ ਜਾਂ ਉਹ ਘਰ ਤੋਂ ਹੀ ਕਾਗਜ਼ ਲਿਖ ਕੇ ਲਿਆਉਣਾ ਚਾਹੁੰਦਾ ਹੈ ਤਾਂ ਉਸ ਲਈ ਆਨਲਾਈਨ ਕਾਊਂਟਰ ਹੋਵੇਗਾ।
ਮੋਬਾਈਲ ਉਤੇ ਮਿਲੀ ਅਪੁਆਇੰਟਮੈਂਟ
ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਔਰਤਾਂ ਲਈ ਸਟੈਂਪ ਡਿਊਟੀ ਵਿੱਚ 2 ਫੀਸਦੀ ਛੋਟ ਕਾਰਨ ਰਜਿਸਟਰੀ ਕਰਵਾਉਣ ਵਾਲਿਆਂ ਵਿੱਚ ਔਰਤਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਨਵੇਂ ਦਫਤਰ ਵਿੱਚ ਔਰਤਾਂ ਦੇ ਬੈਠਣ ਲਈ ਵਿਸ਼ੇਸ਼ ਜਗ੍ਹਾਂ ਦਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਆਮ ਲੋਕਾਂ ਦੇ ਬੈਠਣ ਲਈ ਉਡੀਕ ਖੇਤਰ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਰਜਿਸਟਰੀ ਲਈ ਆਪਣਾ ਸਮਾਂ ਲੈਣ ਵਾਲਾ ਵਿਅਕਤੀ ਆਪਣੇ ਮੋਬਾਈਲ ਉਤੇ ਮਿਲੀ ਅਪੁਆਇੰਟਮੈਂਟ ਦਿਖਾ ਕੇ ਦਫ਼ਤਰ ਵਿੱਚ ਆ ਸਕੇਗਾ।
ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦਿਆਂ ਸਹੂਲਤਾਂ
ਵਿਸ਼ੇਸ਼ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਮਾਲ ਕੇ.ਏ.ਪੀ. ਸਿਨਹਾ ਨੇ ਕਿਹਾ ਕਿ ਆਉਣ ਵਾਲੇ ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦਿਆਂ ਸਹੂਲਤਾਂ ਅਤੇ ਸਟਾਫ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਰਜਿਸਟਰੀ ਕਰਵਾਉਣ ਆਉਣ ਵਾਲੇ ਵਿਅਕਤੀਆਂ ਗਿਣਤੀ ਵੱਧਣ ਦੇ ਬਾਵਜੂਦ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਸਕੱਤਰ ਲੋਕ ਨਿਰਮਾਣ ਵਿਭਾਗ ਪ੍ਰਿਆਂਕ ਭਾਰਤੀ, ਵਿਸ਼ੇਸ਼ ਸਕੱਤਰ ਮਾਲ ਕੇਸ਼ਵ ਹਿੰਗੋਨੀਆ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸਟਾਫ ਅਫਸਰ ਟੀ. ਬੈਨਿਥ, ਐਸ.ਐਸ.ਪੀ. ਡਾ ਸੰਦੀਪ ਗਰਗ, ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਐਸ.ਡੀ.ਐਮ. ਚੰਦਰ ਜੋਤੀ ਸਿੰਘ, ਚੀਫ ਆਰਕੀਟੈਕਟ ਮੈਡਮ ਸਪਨਾ, ਜ਼ਿਲਾ ਮਾਲ ਅਫਸਰ ਅਮਨਦੀਪ ਚਾਵਲਾ, ਸਬ ਰਜਿਸਟਰਾਰ ਬੀਰਕਰਨ ਸਿੰਘ ਤੇ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋੰ ਵੀ ਹਾਜ਼ਰ ਸਨ।