- ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
- ਕਿਰਾਇਆ ਵੀ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਅੱਧਾ ਹੋਵੇਗਾ
ਦਿਨੇਸ਼ ਮੌਦਗਿਲ, ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਨ ਲਈ ਅੱਜ ਲਾਈਵ ਹੋ ਕੇ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ 15 ਜੂਨ ਤੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਵੋਲਵੋ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਅੱਧਾ ਹੋਵੇਗਾ ਪਰ ਇਨ੍ਹਾਂ ਵਿੱਚ ਸਹੂਲਤਾਂ ਪ੍ਰਾਈਵੇਟ ਬੱਸਾਂ ਨਾਲੋਂ ਵੱਧ ਹੋਣਗੀਆਂ। ਜਿਸ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ।
ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰ ਰਹੇ ਹਾਂ: ਮਾਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਵੋਲਵੋ ਬੱਸਾਂ ਬਹੁਤ ਲਗਜ਼ਰੀ ਹਨ। ਇਸ ਦੇ ਲਈ ਲੋਕ ਸਬੰਧਤ ਵੈੱਬਸਾਈਟਾਂ ‘ਤੇ ਬੁਕਿੰਗ ਕਰਵਾ ਸਕਦੇ ਹਨ ਅਤੇ ਬੱਸਾਂ ਦਾ ਸਮਾਂ ਵੀ ਸਬੰਧਤ ਵੈੱਬਸਾਈਟ ‘ਤੇ ਉਪਲਬਧ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਮਾਫੀਆ ਚੱਲਦਾ ਸੀ, ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰ ਰਹੇ ਹਾਂ।
ਨਵੀਂ ਐਕਸਾਈਜ਼ ਪਾਲਿਸੀ ਨਾਲ 40 ਫੀਸਦੀ ਮੁਨਾਫਾ ਵੱਧ ਆਵੇਗਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਅਸੀਂ ਆਪਣੀ ਐਕਸਾਈਜ਼ ਪਾਲਿਸੀ ਵੀ ਜਾਰੀ ਕੀਤੀ ਹੈ ਜੋ ਪਹਿਲਾਂ ਮਾਫੀਆ ਦੇ ਕਬਜ਼ੇ ਹੇਠ ਸੀ ਅਤੇ ਹੁਣ ਅਸੀਂ ਇਸ ਨੂੰ ਮਾਫੀਆ ਤੋਂ ਬਾਹਰ ਕੱਢ ਕੇ ਪੰਜਾਬ ਦੇ ਖਜ਼ਾਨੇ ਦੇ ਫਾਇਦੇ ਲਈ ਤਿਆਰ ਕੀਤਾ ਹੈ। ਜਿਸ ਕਾਰਨ ਸਰਕਾਰ ਦੇ ਖਜ਼ਾਨੇ ਵਿੱਚ ਪਿਛਲੇ ਸਾਲ ਨਾਲੋਂ 40 ਫੀਸਦੀ ਮੁਨਾਫਾ ਵੱਧ ਆਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਕੀਤਾ ਜਾਵੇ। ਪਹਿਲਾਂ ਇਹ ਪੈਸਾ ਕੁਝ ਲੋਕਾਂ ਦੇ ਖ਼ਜ਼ਾਨੇ ਅਤੇ ਬੈਂਕਾਂ ਵਿੱਚ ਜਾਂਦਾ ਸੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਨੂੰ ਆਪਣਾ ਸਹਿਯੋਗ ਅਤੇ ਸੁਝਾਅ ਦਿੰਦੇ ਰਹਿਣ ਤਾਂ ਜੋ ਅਸੀਂ ਪੰਜਾਬ ਨੂੰ ਤਰੱਕੀ ਵੱਲ ਲਿਜਾ ਸਕੀਏ।
ਇਹ ਵੀ ਪੜੋ : ਲੋਕ ਇਨਸਾਫ ਪਾਰਟੀ ਦੇ ਮੁਖੀ ਨੂੰ ਹਾਈ ਕੋਰਟ ਨੇ ਦਿੱਤਾ ਝਟਕਾ
ਸਾਡੇ ਨਾਲ ਜੁੜੋ : Twitter Facebook youtube