India News (ਇੰਡੀਆ ਨਿਊਜ਼), Death Of Two Persons, ਚੰਡੀਗੜ੍ਹ : ਸੂਬੇ ਵਿੱਚ ਜਹਿਰੀਲੀ ਸ਼ਰਾਬ ਦਾ ਸੇਕ ਪਾਤੜਾਂ ਇਲਾਕੇ ਤੱਕ ਵੀ ਪਹੁੰਚ ਗਿਆ ਹੈ। ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਮੌਲਵੀ ਵਾਲਾ ਵਿਖੇ ਸ਼ਰਾਬ ਪੀਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮਿ੍ਰਤਕ ਮਿੱਠੂ ਸਿੰਘ ਪੁੱਤਰ ਅਰਜਨ ਸਿੰਘ (48) ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਦਿਹਾੜੀਦਾਰ ਮਜ਼ਦੂਰ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਮੰਗਲਵਾਰ ਸ਼ਾਮ ਉਹ ਘਰੋਂ ਬਾਹਰ ਗਿਆ ਤੇ ਰਾਤ ਕਰੀਬ 8 ਵਜੇ ਦੇ ਕਰੀਬ ਸ਼ਰਾਬੀ ਹਾਲਤ ਵਿੱਚ ਘਰ ਆਇਆ। ਰਾਤ ਉਹ ਸੌਂ ਗਿਆ ਤੇ ਸਵੇਰੇ ਜਦੋਂ ਉੱਠਿਆ ਤਾਂ ਉਸਨੂੰ ਉਲਟੀਆਂ ਲੱਗ ਗਈਆਂ।
ਅਚਾਨਕ ਘਬਰਾਹਟ ਮਹਿਸੂਸ ਹੋਈ ਅਤੇ ਜਦੋਂ ਉਹ ਕੱਪੜੇ ਬਦਲ ਰਿਹਾ ਸੀ ਤਾਂ ਅਚਾਨਕ ਡਿੱਗ ਜਾਣ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੌਰਾਨ ਪਿੰਡ ਦੇ ਸਰਪੰਚ ਦਵਿੰਦਰਦੀਪ ਸਿੰਘ ਬੂਟਾ ਨੇ ਦੱਸਿਆ ਕਿ ਮ੍ਰਿਤਕ ਮਿੱਠੂ ਸਿੰਘ ਰਵਿਦਾਸੀਆ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਅਤੇ ਉਸਦੇ ਦੋ ਲੜਕੇ ਤੇ ਦੋ ਲੜਕੀਆਂ ਹਨ ਜਿਨਾਂ ਵਿੱਚੋਂ ਇੱਕ ਲੜਕੀ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਕੀਤਾ ਗਿਆ ਸੀ।
ਹਾਲਤ ਜ਼ਿਆਦਾ ਖਰਾਬ ਹੋਣ ’ਤੇ ਪਟਿਆਲਾ ਰੈਫਰ
ਸੁੰਦਰ ਬਸਤੀ ਵਾਸੀ ਮ੍ਰਿਤਕ ਜੰਗਵੀਰ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਸਤਵਿੰਦਰ ਸਿੰਘ ਵਾਸੀ ਸੰਗਰੂਰ ਨੇ ਦੱਸਿਆ ਕਿ ਉਹ ਮੰਗਲਵਾਰ ਵਾਲੇ ਦਿਨ ਤੋਂ ਸ਼ਰਾਬ ਪੀ ਰਿਹਾ ਸੀ। ਉਹ ਆਪਣੇ ਪਰਿਵਾਰ ਸਮੇਤ ਇਸ ਨੂੰ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਦੇਣ ਲਈ ਆਇਆ ਸੀ ਤਾਂ ਉਸ ਸਮੇਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਉਸ ਦੀ ਅਚਾਨਕ ਤਬੀਅਤ ਖਰਾਬ ਹੋਣ ’ਤੇ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜਿੱਥੇ ਜੰਗਵੀਰ ਦੀ ਮੌਤ ਹੋ ਗਈ। ਮ੍ਰਿਤਕ ਜੰਗਵੀਰ ਸਿੰਘ ਦੀ ਮੁਹੱਲੇ ਵਿੱਚ ਹੀ ਇੱਕ ਛੋਟੀ ਜਿਹੀ ਦੁਕਾਨ ਸੀ ਅਤੇ ਉਸ ਦੇ ਦੋ ਲੜਕੇ ਹਨ।
ਡੀਐਸਪੀ ਦਲਜੀਤ ਸਿੰਘ ਵਿਰਕ ਨੇ ਇੱਕ ਵੀਡੀਓ ਜਾਰੀ ਕੀਤੀ
ਉਕਤ ਮਾਮਲਿਆਂ ਦੇ ਸਬੰਧੀ ਪਾਤੜਿਆਂ ਦੇ ਡੀਐਸਪੀ ਦਲਜੀਤ ਸਿੰਘ ਵਿਰਕ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਡੀਐਸਪੀ ਨੇ ਦੱਸਿਆ ਕਿ ਪਿੰਡ ਤੇਈਪੁਰ ਵਿੱਚ ਜੋ ਸ਼ਰਾਬ ਬਰਾਮਦ ਕੀਤੀ ਸੀ ਕਈ ਦਿਨ ਪਹਿਲਾਂ ਹੀ ਨਸ਼ਟ ਕੀਤਾ ਜਾ ਚੁੱਕਾ ਹੈ। ਇਸ ਲਈ ਇਨ੍ਹਾਂ ਮੌਤਾਂ ਨੂੰ ਉਸ ਨਾਲ ਜੋੜ ਕੇ ਅਫਵਾਹਾਂ ਨਾ ਫੈਲਾਈਆਂ ਜਾਣ ਸਗੋਂ ਸਬੂਤ ਦੇ ਆਧਾਰ ’ਤੇ ਹੀ ਕੋਈ ਗੱਲ ਕਹੀ ਜਾਵੇ।