- ਬਾਗ਼ਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਵਿਭਾਗ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਲਿਆ ਜਾਇਜ਼ਾ
- ਸੂਬੇ ’ਚ ਬਾਗ਼ਬਾਨੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਬਾਗ਼ਬਾਨੀ ਫਸਲੀ ਬੀਮਾ ਸਕੀਮ ਲਾਗੂ ਕਰਨ ’ਤੇ ਦਿੱਤਾ ਜ਼ੋਰ
ਚੰਡੀਗੜ, PUNJAB NEWS: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਯਕੀਨੀ ਬਣਾਉਣ ਦੀਆਂ ਯੋਜਨਾਵਾਂ ਨੂੰ ਨੇਪਰੇ ਚੜਾਉਣ ਲਈ ਪੰਜਾਬ ਦੇ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੀਰਵਾਰ ਨੂੰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਿਸ਼ਾ ਵਿੱਚ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੂਬੇ ਵਿੱਚ ਚੱਲ ਰਹੇ ਸੈਂਟਰਜ਼ ਆਫ ਐਕਸੀਲੈਂਸ ਰਾਹੀਂ ਬਾਗਬਾਨੀ ਅਧੀਨ ਰਕਬੇ ਨੂੰ ਦੁੱਗਣਾ ਕੀਤਾ ਜਾ ਸਕੇ।
ਸੂਬੇ ਦੇ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਵਿੱਚ ਸ਼ਹਿਦ-ਮੱਖੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਇਸ ਸਬੰਧ ਵਿੱਚ ਜ਼ਿਲਾ ਲੁਧਿਆਣਾ ਵਿਖੇ ਇੱਕ ਏਕੀਕਿ੍ਰਤ ਵਿਕਾਸ ਕੇਂਦਰ ਸਥਾਪਤ ਕਰਨ ਦੀ ਤਜਵੀਜ਼ ਹੈ, ਜਿਸ ਨਾਲ ਸ਼ਹਿਦ ਮੱਖੀ ਪਾਲਕਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਮੰਤਰੀ ਨੂੰ ਦੱਸਿਆ ਗਿਆ ਕਿ ਸੂਬੇ ਦੇ ਸ਼ਹਿਦ-ਮੱਖੀ ਪਾਲਕਾਂ ਵੱਲੋਂ ਲਗਭਗ 16500 ਮੀਟਰਕ ਟਨ ਸ਼ਹਿਦ ਕੇਂਦਰੀ ਪੂਲ ਵਿੱਚ ਪਾਇਆ ਜਾ ਰਿਹਾ ਹੈ।
ਸੂਬੇ ਦੇ ਸ਼ਹਿਦ-ਮੱਖੀ ਪਾਲਕਾਂ ਵੱਲੋਂ ਲਗਭਗ 16500 ਮੀਟਰਕ ਟਨ ਸ਼ਹਿਦ ਕੇਂਦਰੀ ਪੂਲ ਵਿੱਚ ਪਾਇਆ ਜਾ ਰਿਹਾ
ਉਨਾਂ ਜ਼ੋਰ ਦੇ ਕੇ ਕਿਹਾ ਕਿ ਬਾਗਬਾਨੀ ਫਸਲਾਂ ਦੇ ਛੇਤੀ ਖ਼ਰਾਬ ਹੋਣ ਦੇ ਡਰੋਂ ਬਾਗਬਾਨੀ ਅਧੀਨ ਵਿਭਿੰਨਤਾ ਲਿਆਉਣ ਲਈ ਰਾਜ ਵਿੱਚ ਬਾਗਬਾਨੀ ਫਸਲੀ ਬੀਮਾ ਯੋਜਨਾ ਨੂੰ ਲਾਗੂ ਕਰਨਾ ਅਤਿ ਲਾਜ਼ਮੀ ਹੈ। ਉਨਾਂ ਵਿਭਾਗੀ ਮੁਖੀ ਨੂੰ ਹਦਾਇਤ ਕੀਤੀ ਕਿ ਬਾਗ਼ਬਾਨੀ ਫਸਲਾਂ ਦੀ ਬੀਮਾ ਯੋਜਨਾ ਦੀ ਤਜਵੀਜ਼ ਜਲਦੀ ਸਰਕਾਰ ਨੂੰ ਭੇਜੀ ਜਾਵੇ।
ਬਾਗ਼ਬਾਨੀ ਵਿਭਾਗ ਦੇ ਅਨਿੱਖੜਵੇਂ ਅਤੇ ਨਿਵੇਕਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ
ਡਾਇਰੈਕਟਰ ਬਾਗਬਾਨੀ, ਪੰਜਾਬ ਸ਼ੈਲੇਂਦਰ ਕੌਰ ਨੇ ਮੰਤਰੀ ਨੂੰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਬਾਗ਼ਬਾਨੀ ਵਿਭਾਗ ਦੇ ਅਨਿੱਖੜਵੇਂ ਅਤੇ ਨਿਵੇਕਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨਾਂ ਬਾਗਬਾਨੀ ਨੂੰ ਹਰ ਕਿਸਾਨ ਤੱਕ ਲਿਜਾਣ ਲਈ ਮੁਹਿੰਮ ਵਿੱਚ ਹੋਰ ਤੀਬਰਤਾ ਲਿਆਉਣ ’ਤੇ ਜੋਰ ਦਿੱਤਾ।
ਮੰਤਰੀ ਨੂੰ ਦੱਸਿਆ ਗਿਆ ਕਿ ਪੌਸ਼ਟਿਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਹਰ ਸਾਲ ਲੋਕਾਂ ਨੂੰ ਘਰੇਲੂ ਬਗੀਚੀਆਂ ਲਈ ਲਗਭਗ 1 ਲੱਖ ਸਰਦੀ / ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਮਿੰਨੀ ਕਿੱਟਾਂ ਸਪਲਾਈ ਕਰਦਾ ਹੈ ਤਾਂ ਜੋ ਘਰੋਗੀ ਲੋੜਾਂ ਲਈ ਬਾਗਬਾਨੀ ਦੇ ਪ੍ਰਚਾਰ ਤੇ ਪਸਾਰ ਵਿੱਚ ਹੋਰ ਵਾਧਾ ਕੀਤਾ ਜਾ ਸਕੇੇ।
ਉਨਾਂ ਕਿਹਾ ਕਿ ਸਾਰੀਆਂ ਕਿਸਾਨ ਭਲਾਈ ਸਕੀਮਾਂ ਜੋ ਭਵਿੱਖ ਵਿੱਚ ਸੂਬੇ ਦੇ ਬਾਗਬਾਨਾਂ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਹਨ, ਬਾਬਤ ਤਜਵੀਜ਼ਾਂ ਵਿਭਾਗ ਵੱਲੋਂ ਸਰਕਾਰ ਨੂੰ ਭੇਜੀਆਂ ਜਾਣ।
ਇਸ ਮੀਟਿੰਗ ਵਿੱਚ ਸਾਰੇ ਜ਼ਿਲਾ ਮੁਖੀਆਂ ਨੇ ਭਾਗ ਲਿਆ ਅਤੇ ਮੰਤਰੀ ਨੂੰ ਜ਼ਿਲਾ ਪੱਧਰੀ ਬਾਗਬਾਨੀ ਗਤੀਵਿਧੀਆਂ ਅਤੇ ਸਫਲ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਸਰਕਾਰ ਨੇ 5 ਮਹੀਨਿਆਂ ਦੌਰਾਨ ਇਤਿਹਾਸਕ ਫੈਸਲੇ ਲਏ : ਹਰਪਾਲ ਚੀਮਾ
ਇਹ ਵੀ ਪੜ੍ਹੋ: ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ
ਇਹ ਵੀ ਪੜ੍ਹੋ: 72,000 ਏਕੜ ਰਕਬੇ ਵਿੱਚ ਸਿੰਜਾਈ ਸਹੂਲਤਾਂ ਹੋਣਗੀਆਂ ਬਿਹਤਰ: ਡਾ. ਨਿੱਝਰ
ਸਾਡੇ ਨਾਲ ਜੁੜੋ : Twitter Facebook youtube