ਇੰਡੀਆ ਨਿਊਜ਼, ਚੰਡੀਗੜ੍ਹ/ ਐਸ ਏ ਐਸ ਨਗਰ (Farmers Honored by Punjab Govt) : ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਤੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਮੱਦੇਨਜ਼ਰ ਹੀ ਅੱਜ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਿਸਾਨ ਵਿਕਾਸ ਚੈਂਬਰ, ਏਅਰਪੋਰਟ ਚੌਂਕ, ਐੱਸ ਏ ਐੱਸ ਨਗਰ (ਮੋਹਾਲੀ) ਵਿਖੇ ਪਰਾਲੀ ਨੂੰ ਅੱਗ ਨਾ ਲਾ ਕੇ, ਵਾਤਾਵਰਣ ਦੀ ਰੱਖਿਆ ਕਰਨ ਵਾਲੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਲਗਭੱਗ 150 ਕਿਸਾਨ ਜਿਨ੍ਹਾਂ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਨੂੰ ਸਨਮਾਨਿਤ ਕੀਤਾ ਗਿਆ।
ਬਾਬੇ ਨਾਨਕ ਦੀ ਸਿੱਖਿਆ ਤੇ ਚਲ ਕੇ ਵੀ ਖੇਤੀ ਕੀਤੀ ਜਾ ਸਕਦੀ ਹੈ : ਸੰਧਵਾਂ
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿਸ ਨੂੰ ਰੋਕਣ ਲਈ ਲੋਕ ਅੱਗੇ ਆ ਜਾਣ ਉਦੋਂ ਉਸ ਦਾ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ। ਉਨਾਂ ਕਿਹਾ ਸਮਾਗਮ ਵਿੱਚ ਆਏ ਕਿਸਾਨ ਵੀਰਾਂ ਨੇ ਇਹ ਸਾਬਿਤ ਕਰਤਾ ਕਿ ਬਾਬੇ ਨਾਨਕ ਦੀ ਸਿੱਖਿਆ ਤੇ ਚਲ ਕੇ ਵੀ ਖੇਤੀ ਕੀਤੀ ਜਾ ਸਕਦੀ ਹੈ। ਉਨਾਂ ਵੱਲੋਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਪੰਜਾਬ ਦੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਿਤ ਰਹਿਤ ਬਣਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਉਪਰਲੀ ਪਰਤ ਵਿੱਚ ਮੌਜੂਦ ਹੋਰ ਸੂਖਮ ਜੀਵਾਂ ਦੇ ਨਾਲ-ਨਾਲ ਇਸ ਦੀ ਜੈਵਿਕ ਗੁਣਵੱਤਾ ਦਾ ਵੀ ਨੁਕਸਾਨ ਹੁੰਦਾ ਹੈ। ਦੋਸਤਾਨਾਂ ਕੀੜੀਆਂ ਦੇ ਨੁਕਸਾਲ ਕਾਰਨ ਦੁਸ਼ਮਣ ਕੀੜੀਆਂ ਦਾ ਪ੍ਰਕੋਪ ਵੱਧਿਆ ਹੈ ਅਤੇ ਨਤੀਜੇ ਵਜੋਂ ਫਸਲਾਂ ਨੂੰ ਬਿਮਾਰੀਆਂ ਦਾ ਵਧੇਰੇ ਖਤਰਾ ਹੈ।
ਕਿਸਾਨ ਪਰਾਲੀ ਨੂੰ ਅੱਗ ਲਾਉਣਾ ਛੱਡ ਰਹੇ : ਮੀਤ ਹੇਅਰ
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਦਿੱਤੇ ਜਾ ਰਹੇ ਸੁਨੇਹੇ ਨੂੰ ਕਬੂਲ ਕਰਦੇ ਹੋਏ ਪਰਾਲੀ ਨੂੰ ਅੱਗ ਲਾਉਣਾ ਛੱਡ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਅਜਿਹੀ ਕੌਮ ਹੈ ਜਿਸ ਨੂੰ ਅਸੀਂ ਪਿਆਰ ਨਾਲ ਤਾਂ ਸਮਝਾ ਸਕਦੇ ਹਾਂ ਪਰ ਧੱਕਾ ਇਨ੍ਹਾਂ ਨਾਲ ਕੀਤਾ ਨਹੀਂ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੇ ਕਾਰਨ ਹੋਣ ਵਾਲੇ ਧੂੰਏਂ ਦਾ ਸਭ ਤੋਂ ਪਹਿਲਾਂ ਨੁਕਸਾਨ ਕਿਸਾਨ ਭਰਾਵਾਂ ਦੇ ਅਪਣੇ ਪਰਿਵਾਰਾਂ ਪਿੰਡਾਂ ਨੂੰ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਕਾਰਣ ਸਿਰਫ ਫੇਫੜਿਆਂ ਨੂੰ ਨੁਕਸਾਨ ਹੀ ਨਹੀਂ ਪਹੁੰਚਦਾ ਸਗੋਂ ਸਿਹਤ ਦੀਆਂ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਮਨੁੱਖ ਨੂੰ ਚਿੰਬੜ ਜਾਂਦੀਆਂ ਹਨ। ਉਨ੍ਹਾਂ ਇਸ ਗੱਲ ਦੀ ਖੁਸ਼ੀ ਵੀ ਪ੍ਰਗਟਾਈ ਕਿ ਨੌਜਵਾਨ ਪੀਡ਼੍ਹੀ ਸੁਚੇਤ ਹੋ ਰਹੀ ਹੈ ਅਤੇ ਹਰਿਆਵਲ ਮੁਹਿੰਮ ਦੇ ਤਹਿਤ ਉਨ੍ਹਾਂ ਵੱਲੋਂ ਹੁਣ ਪੌਦੇ ਲਾਉਣ ਦੀ ਮੁਹਿੰਮ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ਅਤੇ ਦਰੱਖਤ ਵੱਡੀ ਮਾਤਰਾ ਵਿਚ ਲਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਸਦਕਾ ਪੰਜਾਬੀਅਤ ਜਗ੍ਹਾ ਜਗ੍ਹਾ ਤੇ ਮਿੰਨੀ ਜੰਗਲ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਆਰੋਪ ਤਹਿਤ ਰੋਡਵੇਜ਼ ਦੇ ਜਨਰਲ ਮੈਨੇਜਰ ਸਣੇ ਚਾਰ ਮੁਲਾਜ਼ਮ ਮੁਅੱਤਲ
ਸਾਡੇ ਨਾਲ ਜੁੜੋ : Twitter Facebook youtube