ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ: ਜੌੜਾਮਾਜਰਾ

0
208
Food Safety Wing Punjab in Action
Chetan Singh Jaudamajra
ਇੰਡੀਆ ਨਿਊਜ਼, ਚੰਡੀਗੜ (Food Safety Wing Punjab in Action) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਘਟੀਆ ਦਰਜੇ ਦੇ ਖਾਧ-ਪਦਾਰਥਾਂ ਦੀ ਵਿਕਰੀ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਫੂਡ ਸੇਫਟੀ ਵਿੰਗ ਵੱਲੋਂ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਵਿਭਾਗ ਵੱਲੋਂ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਵਿਕਰੇਤਾਵਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋਂ ਕੋਈ ਵੀ ਗ਼ਲਤ ਜਾਂ ਨਾ ਖਾਣ ਯੋਗ ਵਸਤੂ ਲੋਕਾਂ ਤੱਕ ਪੁਹੰਚਣ ਤੋਂ ਰੋਕੀ ਜਾ ਸਕੇ ਅਤੇ ਲੋਕਾਂ ਦੀ ਸਿਹਤ ਤੰਦਰੁਸਤ ਰਹਿ ਸਕੇ।

ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ

ਸਿਹਤ ਮੰਤਰੀ ਨੇ ਦੱਸਿਆ ਕਿ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਫੂਡ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋਂ ਉਹ ਦੂਸਰੇ ਜ਼ਿਲਿਆਂ ਵਿੱਚ ਜਾ ਕੇ ਵੀ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਵਿਕਰੇਤਾਵਾਂ ਦੀ ਚੈਕਿੰਗ ਕਰ ਸਕਣ। ਜੇਕਰ ਕੋਈ ਮਿਆਰ ਤੋਂ ਘੱਟ ਜਾ ਨਾ ਖਾਣਯੋਗ ਵਸਤੂ ਵੇਚ ਰਿਹਾ ਹੈ ਤਾਂ ਉਸ ਖਿਲਾਫ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ, ਕਮ ਐਡਜੁਕੇਟਿੰਗ ਅਫ਼ਸਰ (ਫੂਡ ਸੇਫਟੀ) ਦੀ ਕੋਰਟ ਵਿੱਚ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੀ ਧਰਾਵਾਂ ਅਧੀਨ ਕਾਰਵਾਈ ਕਰਦੇ ਹੋਏ ਭਾਰੀ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਸੈਂਪਲ ਨਾ ਖਾਣਯੋਗ ਪਾਇਆ ਜਾਂਦਾ ਤਾਂ ਉਸ ਦਾ ਕੇਸ ਮਾਣਯੋਗ ਜੂਡੀਸ਼ੀਅਲ ਕੋਰਟ ਵਿੱਚ ਦਾਇਰ ਕੀਤਾ ਜਾਂਦਾ ਹੈ।

ਵਿਦਿਆਰਥੀਆਂ ਲਈ ‘ਈਟ ਰਾਈਟ’ ਮੁਹਿੰਮ

ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ‘ਈਟ ਰਾਈਟ’ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਅਧੀਨ ਸਕੂਲਾਂ ਦੇ ਬੱਚਿਆਂ ਨੂੰ ਸਾਫ਼ ਸੁਥਰਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਤਹਿਤ ਜੰਕ ਫੂਡ ਬੰਦ ਕਰਨ ਲਈ ਸਕੂਲਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਕੂਲਾਂ ਵਿੱਚ ਸੈਮੀਨਾਰ ਕਰਕੇ ਬੱਚਿਆਂ ਨੂੰ ਜੰਕ ਫੂਡ ਰਾਹੀਂ ਹੋਣ ਵਾਲੀਆਂ ਸਿਹਤ ਸਬੰਧੀ ਤਕਲੀਫ਼ਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਨੂੰ ਘੱਟ ਨਮਕ ਅਤੇ ਘੱਟ ਚੀਨੀ ਦੀ ਮਾਤਰਾਂ ਲੈਣ ਅਤੇ ਘੱਟ ਤੇਲ ਵਰਤਣ ਸਬੰਧੀ ਵੀ ਜਾਣੂ ਕਰਵਾਇਆ ਜਾ ਰਿਹਾ ਤਾਂ ਜੋਂ ਉਹ ਪੌਸ਼ਟਿਕ ਭੋਜਣ ਵੱਲ ਹੀ ਧਿਆਨ ਦੇਣ।
SHARE