India News (ਇੰਡੀਆ ਨਿਊਜ਼), For The Safety Of Women, ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਦੀ ਇੱਕ ਖੋਜ ਰਾਹੀਂ ਸਮਾਜ ਵਿੱਚ ਵੱਖ-ਵੱਖ ਥਾਵਾਂ ਉੱਤੇ ਵਿਚਰਦਿਆਂ ਹੋਇਆਂ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਬਹੁਤ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਵਿਸ਼ੇਸ਼ ਤਕਨੀਕ ਵਿਕਸਿਤ ਕੀਤੀ ਗਈ ਹੈ।
ਡਾ. ਕਵਲਜੀਤ ਸਿੰਘ ਅਤੇ ਡਾ. ਬ੍ਰਹਮਲੀਨ ਕੇ. ਸਿੱਧੂ ਦੀ ਨਿਗਰਾਨੀ ਹੇਠ ਖੋਜਾਰਥੀ ਪ੍ਰਿਅੰਕਾ ਵੱਲੋਂ ‘ਔਰਤਾਂ ਦੀ ਸੁਰੱਖਿਆ ਲਈ ਰੀਅਲ-ਟਾਈਮ ਇੰਟੈਲੀਜੈਂਟ ਸਿਸਟਮ ਦਾ ਵਿਕਾਸ’ ਸਿਰਲੇਖ ਵਾਲੀ ਇਸ ਖੋਜ ਨੇ ਇਸ ਵਿੱਚ ਅਪਣਾਈ ਗਈ ਪਹਿਲਕਦਮੀ ਵਾਲੀ ਨਵੀਂ ਪਹੁੰਚ ਕਾਰਨ ਇਸ ਖੇਤਰ ਦੇ ਮਾਹਿਰਾਂ ਦਾ ਧਿਆਨ ਖਿੱਚਿਆ ਹੈ।
ਐਂਡਰਾਇਡ-ਬੇਸਡ ਮੋਬਾਈਲ ਐਪ ਤਿਆਰ
ਖੋਜਾਰਥੀ ਪ੍ਰਿਅੰਕਾ ਨੇ ਦੱਸਿਆ ਕਿ ਇਸ ਵਿਕਸਿਤ ਤਕਨੀਕ ਦੀ ਵਰਤੋਂ ਕਰਦਿਆਂ ਇੱਕ Android-based ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਤਿਆਰ ਮੋਬਾਈਲ ਐਪ ਸੁਰੱਖਿਆ ਦੇ ਮਾਮਲੇ ਵਿੱਚ ਜ਼ਰੂਰੀ ਅਤੇ ਫੌਰੀ ਲੋੜਾਂ ਨੂੰ ਪੂਰਾ ਕਰਦੀ ਹੈ। ਇਹ ਐਪ ਕਿਸੇ ਵੀ ਵਿਸ਼ੇਸ਼ ਕੈਂਪਸ ਵਿੱਚ ਅਧਿਕਾਰਤ ਸੁਰੱਖਿਆ ਗਾਰਡਾਂ ਅਤੇ ਮਹਿਲਾ ਵਿਦਿਆਰਥੀਆਂ ਲਈ ਰੀਅਲ-ਟਾਈਮ ਲੋਕੇਸ਼ਨ ਟਰੈਕਿੰਗ ਕਰਨ ਦੀ ਵਿਸ਼ੇਸ਼ਤਾ ਰੱਖਦੀ ਹੈ।
ਐਮਰਜੈਂਸੀ ਵਿੱਚ ਤੁਰੰਤ ਸਹਾਇਤਾ ਲਈ S.O.S ਸਹੂਲਤਾਂ ਵੀ ਉਪਲਬਧ ਕਰਵਾਉਂਦੀ ਹੈ। ਭਾਵ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰ ਜਾਣ ਦੀ ਸੂਰਤ ਵਿੱਚ ਉਸ ਘਟਨਾ ਦੇ ਵਾਪਰਨ ਦੇ ਅਸਲ ਸਮੇਂ ਵਿੱਚ ਹੀ ਇਹ ਤਕਨੀਕ ਸਮੇਂ ਸਿਰ ਸਬੰਧਤ ਧਿਰਾਂ ਨੂੰ ਸੂਚਿਤ ਕਰਨ ਅਤੇ ਘਟਨਾ ਨਾਲ ਨਜਿੱਠਣ ਅਤੇ ਘਟਨਾ ਉਪਰੰਤ ਲੋੜੀਦੇ ਸਬੂਤਾਂ ਲਈ ਪ੍ਰਮਾਣਿਕ ਅੰਕੜੇ ਜਟਾਉਣ ਆਦਿ ਨਾਲ਼ ਜੁੜੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਮਰੱਥ ਹੈ।
ਐਮਰਜੈਂਸੀ ਦੌਰਾਨ ਤੁਰੰਤ ਆਟੋਮੈਟਿਕ ਸੰਪਰਕ
ਉਨ੍ਹਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਵਿਕਸਿਤ ਕੀਤੀ ਗਈ ਇਸ ਐਪ ਦੀ ਵਿਸ਼ੇਸ਼ਤਾ ਹੈ ਕਿ ਇਹ ਐਮਰਜੈਂਸੀ ਦੌਰਾਨ ਪੁਲਿਸ, ਦੋਸਤਾਂ, ਰਿਸ਼ਤੇਦਾਰਾਂ, ਡਾਕਟਰਾਂ, ਐਂਬੂਲੈਂਸ ਸੇਵਾਵਾਂ ਅਤੇ ਫਾਇਰ ਬ੍ਰਿਗੇਡ ਸਮੇਤ ਸੰਬੰਧਤ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਸਾਧੇ ਜਾਣ ਲਈ ਉਨ੍ਹਾਂ ਨੂੰ ਆਟੋਮੈਟਿਕ ਲਾਈਵ ਲੋਕੇਸ਼ਨ ਨੂੰ ਸਾਂਝਾ ਕੀਤੇ ਜਾ ਸਕਣ ਦੀ ਸਹੂਲਤ ਨਾਲ਼ ਸੰਪੰਨ ਹੈ।
ਇਸ ਤੋਂ ਇਲਾਵਾ ਮੋਬਾਈਲ ਦੇ ਫਰੰਟ ਅਤੇ ਬੈਕ ਕੈਮਰੇ ਦੀਆਂ ਤਸਵੀਰਾਂ ਰਾਹੀਂ ਸਬੂਤਾਂ ਨੂੰ ਰਿਕਾਰਡ ਕਰਨ ਸਮੇਤ ਸੁਰੱਖਿਆ ਸਬੰਧੀ ਕਿਸੇ ਵੀ ਸੰਭਾਵੀ ਜਾਂਚ ਵਿੱਚ ਲੋੜੀਂਦੀ ਸਹਾਇਤਾ ਹਿਤ ਵੱਖ-ਵੱਖ ਫੀਚਰ ਸ਼ਾਮਿਲ ਕੀਤੇ ਗਏ ਹਨ।
ਰੀਅਲ-ਟਾਈਮ ਟਰੈਕਿੰਗ ਵਿਧੀਆਂ ਉੱਤੇ ਅਧਾਰਤ
ਡਾ. ਕਵਲਜੀਤ ਸਿੰਘ ਨੇ ਕਿਹਾ ਕਿ ਇਹ ਖੋਜ ਇੱਕ ਪਾਸੇ ਜਿੱਥੇ ਔਰਤਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਮਰਪਿਤ ਹੈ ਅਤੇ ਇਸ ਪੱਖੋਂ ਵਚਨਬੱਧਤਾ ਨੂੰ ਦਰਸਾਉਂਦੀ ਹੈ ਉੱਥੇ ਦੂਜੇ ਪਾਸੇ ਔਰਤਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਸੰਬੰਧੀ ਨੁਕਤੇ ਨੂੰ ਵੀ ਉਭਾਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦੀਆਂ ਵਿਲੱਖਣਤਾਵਾਂ ਵਿੱਚ ਇਹ ਸ਼ਾਮਿਲ ਹੈ ਕਿ ਇਹ ਐਪ ਵਰਤੋਂਕਾਰਾਂ ਦੇ ਅਨੁਕੂਲ ਵਿਸ਼ੇਸ਼ਤਾਵਾਂ ਰਖਦੀ ਹੈ ਅਤੇ ਰੀਅਲ-ਟਾਈਮ ਟਰੈਕਿੰਗ ਵਿਧੀਆਂ ਉੱਤੇ ਅਧਾਰਤ ਹੈ।
ਉਨ੍ਹਾਂ ਦੱਸਿਆ ਕਿ ਹੋਰ ਅਗਲੇਰੇ ਪੱਧਰਾਂ ਉੱਤੇ ਇਸ ਤਕਨੀਕ ਦੀ ਪੇਸ਼ੇਵਰ ਵਰਤੋਂ ਲਈ ਇਸ ਵਿੱਚ ਹੋਰ ਸੁਧਾਰ ਕੀਤੇ ਜਾ ਸਕਣ ਦੀ ਗੁੰਜਾਇਸ਼ ਅਤੇ ਸੰਭਾਵਨਾਵਾਂ ਵੀ ਮੌਜੂਦ ਹਨ। ਡਾ. ਬ੍ਰਹਮਲੀਨ ਕੇ. ਸਿੱਧੂ ਨੇ ਕਿਹਾ ਕਿ ਖੋਜ ਰਾਹੀਂ ਵਿਕਸਿਤ ਕੀਤੀ ਗਈ ਇਸ ਤਕਨੀਕ ਦੇ ਸਹਾਰੇ ਔਰਤਾਂ ਇੱਕਲੇ ਬਾਹਰ ਨਿਕਲਣ ਤੋਂ ਪਹਿਲਾਂ ਸਭ ਤੋਂ ਸੁਰੱਖਿਅਤ ਰੂਟਾਂ ਦੀ ਸਰਗਰਮੀ ਨਾਲ ਜਾਂਚ ਕਰਨ ਦੀ ਯੋਗਤਾ ਰੱਖ ਸਕਣਗੀਆਂ ਜੋ ਕਿ ਡੈਟਾ ਸਾਇੰਸ ਅਤੇ ਮਸ਼ੀਨ ਲਰਨਿੰਗ ਵਰਗੀਆਂ ਆਧੁਨਿਕ ਤਕਨਾਲੋਜੀਆਂ ਰਾਹੀਂ ਸੰਭਵ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਵੱਖ-ਵੱਖ ਸੁਰੱਖਿਆ ਮਾਪਦੰਡਾਂ ਰਾਹੀਂ ਵਰਗੀਕ੍ਰਿਤ ਕਰਕੇ ਸੁਰੱਖਿਅਤ ਮਾਰਗਾਂ ਦੀ ਭਵਿੱਖਬਾਣੀ ਕਰਦੀ ਹੈ।
ਪੰਜਾਬੀ ਯੂਨੀਵਰਸਿਟੀ ਲਈ ਇੱਕ ਸ਼ੁਭ ਸੰਕੇਤ
ਪ੍ਰੋ. ਅਰਵਿੰਦ (Vice Chancellor) ਨੇ ਇਸ ਖੋਜ ਸਬੰਧੀ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਅਤੇ ਕਿਹਾ ਕਿ ਤਕਨੀਕ ਦੇ ਖੇਤਰ ਵਿੱਚ ਇਸ ਪੱਧਰ ਦੀਆਂ ਖੋਜਾਂ ਹੋਣਾ ਪੰਜਾਬੀ ਯੂਨੀਵਰਸਿਟੀ ਲਈ ਇੱਕ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਗਿਆਨ ਦੇ ਖੇਤਰ ਵਿੱਚ ਸਮੇਂ ਦੀ ਹਾਣੀ ਬਣਾਉਣ ਅਤੇ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਨਾਲ ਬਰ ਮੇਚਣ ਲਈ ਅਜਿਹੀਆਂ ਖੋਜਾਂ ਦਾ ਨਿਰੰਤਰ ਹੁੰਦੇ ਰਹਿਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ :Sub Tehsil Office Soon : ਡੀਸੀ ਮੋਹਾਲੀ :ਬਨੂੜ,ਮਾਜਰੀ ਅਤੇ ਜ਼ੀਰਕਪੁਰ ਵਿੱਚ ਜਲਦੀ ਹੀ ਸਬ ਤਹਿਸੀਲ ਦਫ਼ਤਰ ਬਣਨਗੇ