- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੇਂਡੂ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨਾਲ ਮੁਲਾਕਾਤ
- ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਗਨਰੇਗਾ ਦੀਆਂ ਦੇਣਦਾਰੀਆਂ ਦੇ ਬਕਾਇਆ 262 ਕਰੋੜ ਰੁਪਏ ਜਲਦੀ ਜਾਰੀ ਕਰਨ ਦਾ ਭਰੋਸਾ-ਕੁਲਦੀਪ ਸਿੰਘ ਧਾਲੀਵਾਲ
- ਪੰਜਾਬ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਤਹਿਤ ਵਿੱਤੀ ਸਾਲ 2023-24 ਲਈ 25000 ਘਰਾਂ ਦਾ ਟੀਚਾ ਤਰਜ਼ੀਹੀ ਤੌਰ `ਤੇ ਪ੍ਰਦਾਨ ਕਰਨ ਦੀ ਅਪੀਲ
ਚੰਡੀਗੜ/ ਨਵੀਂ ਦਿੱਲੀ, PUNJAB NEWS, (Funding of MGNREGA Liabilities): ਮਗਨਰੇਗਾ ਦੀਆਂ ਦੇਣਦਾਰੀਆਂ ਦੇ ਬਕਾਇਆ ਫੰਡ ਕੇਂਦਰ ਪਾਸੋਂ ਜਾਰੀ ਕਰਵਾਉਣ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਦੇ ਟੀਚਿਆਂ ਦੀ ਪ੍ਰਵਾਨਗੀ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿਕਾਸ ਨਾਲ ਸਬੰਧਤ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਭਾਰਤੀ ਮਾਮਲੇ ਅਤੇ ਖੇਤੀਬਾੜ੍ਹੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੇਂਡੂ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨਾਲ ਸਥਾਨਕ ਖੇਤੀਬਾੜੀ ਭਵਨ ਵਿਖੇ ਮੁਲਾਕਾਤ ਕੀਤੀ ਗਈ।
ਬਕਾਇਆ 450 ਕਰੋੜ ਰੁਪਏ ਵਿਚੋਂ 188 ਕਰੋੜ ਰੁਪਏ ਕੇਂਦਰ ਵੱਲੋਂ ਲੰਘੀ 5 ਸਤੰਬਰ ਨੂੰ ਜਾਰੀ
ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਿਦਆਂ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿਚ ਮਗਨਰੇਗਾ ਸਕੀਮ ਤਹਿਤ ਕਰਵਾਏ ਗਏ ਵਿਕਾਸ ਕੰਮਾਂ ਨਾਲ ਸਬੰਧਤ ਮਟੀਰੀਅਲ ਦੀਆਂ ਦੇਣਦਾਰੀਆਂ ਦੇ ਬਕਾਇਆ 450 ਕਰੋੜ ਰੁਪਏ ਵਿਚੋਂ 188 ਕਰੋੜ ਰੁਪਏ ਕੇਂਦਰ ਵੱਲੋਂ ਲੰਘੀ 5 ਸਤੰਬਰ ਨੂੰ ਜਾਰੀ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨੂੰ ਬਾਕੀ ਬਚਦੇ 262 ਕਰੋੜ ਰੁਪਏ ਜਲਦ ਜਾਰੀ ਕਰਨ ਲਈ ਅਪੀਲ ਕੀਤੀ ਗਈ ਹੈ।ਇਸੇ ਤਰ੍ਹਾਂ ਮਗਨਰੇਗਾ ਦੇ ਪ੍ਰਬੰਧਕੀ ਖਰਚ ਫੰਡ ਨੂੰ ਵੀ 6 ਫੀਸਦ ਤੋਂ ਵਧਾਕੇ 8 ਫੀਸਦ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਫੰਡ ਜਲਦ ਹੀ ਜਾਰੀ ਕਰਨ ਬਾਰੇ ਕੇਂਦਰੀ ਰਾਜ ਮੰਤਰੀ ਵੱਲੋਂ ਭਰੋਸਾ ਦੇ ਦਿੱਤਾ ਗਿਆ ਹੈ।
25000 ਘਰਾਂ ਦਾ ਟੀਚਾ ਤਰਜ਼ੀਰੀ ਤੌਰ ਉੱਤੇ ਪ੍ਰਦਾਨ ਕਰਨ
ਧਾਲੀਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਤਹਿਤ ਵਿੱਤੀ ਸਾਲ 2022-23 ਲਈ ਸੂਬੇ ਨੂੰ ਕੋਈ ਵੱਖਰਾ ਟੀਚਾ ਅਲਾਟ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਵਿੱਤੀ ਸਾਲ 2023-24 ਲਈ 25000 ਘਰਾਂ ਦਾ ਟੀਚਾ ਤਰਜ਼ੀਰੀ ਤੌਰ ਉੱਤੇ ਪ੍ਰਦਾਨ ਕਰਨ ਅਤੇ ਇਸਦੇ ਫੰਡ ਜਾਰੀ ਕਰਨ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਸੂਬੇ ਦੇ ਬੇਘਰੇ, ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਏ ਜਾ ਸਕਣ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਹੁਤ ਸਾਰੀਆਂ ਸ਼ਰਤਾਂ ਪੰਜਾਬ ਸੂਬੇ ਦੇ ਅਨੁਕੂਲ ਨਹੀਂ
ਪੰਜਾਬ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਹੁਤ ਸਾਰੀਆਂ ਸ਼ਰਤਾਂ ਪੰਜਾਬ ਸੂਬੇ ਦੇ ਅਨੁਕੂਲ ਨਹੀਂ ਹਨ ਜਿਸ ਕਰਕੇ ਬਹੁਤ ਸਾਰੇ ਲਾਭਪਾਤਰੀ ਇਸਦੇ ਘੇਰੇ ਤੋਂ ਬਾਹਰ ਰਹਿ ਜਾਂਦੇ ਹਨ। ਅਸੀਂ ਕੇਂਦਰੀ ਰਾਜ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੀਆਂ ਲੋੜਾਂ ਅਨੁਸਾਰ ਇਸ ਯੋਜਨਾਂ ਵਿਚਲੀਆਂ ਕੁਝ ਸ਼ਰਤਾਂ ਨਰਮ ਕੀਤੀਆਂ ਜਾਣ।
ਧਾਲੀਵਾਲ ਨੇ ਮੀਟਿੰਗ ਦੌਰਾਨ ਕੇਂਦਰੀ ਰਾਜ ਮੰਤਰੀ ਨੂੰ ਦੱਸਿਆ ਕਿ ਵਿੱਤੀ ਸਾਲ 2022-23 ਲਈ ਕੇਂਦਰ ਸਰਕਾਰ ਨੇ ਪੰਜਾਬ ਰਾਜ ਪੇਂਡੂ ਅਜੀਵਕਾ ਲਈ 4644 ਲੱਖ ਰੁਪਏ ਦਾ ਬਜਟ ਪ੍ਰਵਾਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਪਹਿਲੀ ਕਿਸ਼ਤ ਦੇ ਤੌਰ ਤੇ 477.68 ਲੱਖ ਰੁਪਏ ਐਸ.ਸੀ.ਕੰਪੋਨੈਂਟ ਲਈ ਜਾਰੀ ਕੀਤੇ ਹਨ ਜਦਕਿ 683.42 ਲੱਖ ਰਪੁਏ ਜਨਰਲ ਕੰਪੋਨੈਂਟ ਲਈ ਜਾਰੀ ਕੀਤੇ ਜਾਣੇ ਬਾਕੀ ਹਨ।
ਸੂਬੇ ਦੀਆਂ ਇਨ੍ਹਾਂ ਮੰਗਾਂ ਦਾ ਹੱਲ ਤਰਜ਼ੀਹੀ ਆਧਾਰ ਤੇ ਕਰਨ ਲਈ ਭਰੋਸਾ
ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਵੱਲੋਂ ਸੂਬੇ ਦੀਆਂ ਇਨ੍ਹਾਂ ਮੰਗਾਂ ਦਾ ਹੱਲ ਤਰਜ਼ੀਹੀ ਆਧਾਰ ਤੇ ਕਰਨ ਲਈ ਭਰੋਸਾ ਦਿੱਤਾ। ਮੀਟਿੰਗ ਦੌਰਾਨ ਧਾਲੀਵਾਲ ਤੇ ਕੇਂਦਰੀ ਰਾਜ ਮੰਤਰੀ ਵੱਲੋਂ ਸੂਬੇ ਦੇ ਪੇਂਡੂ ਵਿਕਾਸ ਦੇ ਹੋਰ ਪਹਿਲੂਆਂ ਬਾਰੇ ਵੀ ਵਿਚਾਰ ਕੀਤੀ ਗਈ। ਮੀਟਿੰਗ ਵਿਚ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਵਿੱਤ ਕਮਿਸ਼ਨਰ ਕੇ.ਸ਼ਿਵਾ ਪ੍ਰਸਾਦ, ਕੰਸਲਟੈਂਟ ਰਾਜੀਵ ਮਦਾਨ ਤੋਂ ਇਲਾਵਾ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਤੇ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ: ਸੀਵਰਮੈਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇਗਾ : ਡਾ. ਇੰਦਰਬੀਰ ਨਿੱਜਰ
ਇਹ ਵੀ ਪੜ੍ਹੋ: ਪੰਜਾਬ ਨੇ 21000 ਕਰੋੜ ਰੁਪਏ ਦੇ ਨਿਵੇਸ਼ ਆਕਰਸ਼ਿਤ ਕੀਤੇ : ਅਨਮੋਲ ਗਗਨ ਮਾਨ
ਇਹ ਵੀ ਪੜ੍ਹੋ: ਰਸੂਖਦਾਰ ਸਿਆਸੀ ਪਰਿਵਾਰਾਂ ਨੇ ਨੌਜਵਾਨਾਂ ਦਾ ਰੁਜ਼ਗਾਰ ਖੋਹਿਆ : ਮੁੱਖ ਮੰਤਰੀ
ਸਾਡੇ ਨਾਲ ਜੁੜੋ : Twitter Facebook youtube