ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਹਥਿਆਰਾਂ ਨਾਲ ਕਾਬੂ

0
215
Gangster in Punjab
Gangster in Punjab
  • 7 ਪਿਸਤੌਲਾਂ ਅਤੇ ਪੁਲਿਸ ਵਰਦੀ ਬਰਾਮਦ
ਇੰਡੀਆ ਨਿਊਜ਼, ਚੰਡੀਗੜ੍ਹ/ਬਠਿੰਡਾ : ਡਾਇਰੈਕਟਰ ਜਨਰਲ ਆਫ਼ ਪੁਲਿਸ (DGP), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਉਹਨਾਂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਦੌਰਾਨ ਮਿਲੀਆਂ ਸਫ਼ਲਤਾਵਾਂ ਵਿੱਚ ਇਹ ਇੱਕ ਹੋਰ ਵੱਡੀ ਪ੍ਰਾਪਤੀ ਹੈ।

ਇਸ ਰੂਪ ਵਿੱਚ ਹੋਈ ਪਛਾਣ

ਫੜੇ ਗਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਉਰਫ਼ ਕਿੱਟਾ ਵਾਸੀ ਪਿੰਡ ਭੈਣੀ ਅਤੇ ਹਰਦੀਪ ਸਿੰਘ ਉਰਫ਼ ਮਾਮਾ ਵਾਸੀ ਪਿੰਡ ਆਕਲੀਆ ਜਲਾਲ ਜਿਲ੍ਹਾ ਬਠਿੰਡਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਇਹ ਦੋਵੇਂ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਸੱਤ ਪਿਸਤੌਲ (ਛੇ .32 ਬੋਰ ਅਤੇ ਇੱਕ .30 ਬੋਰ) ਸਮੇਤ ਗੋਲੀ ਸਿੱਕਾ ਅਤੇ ਏਐਸਆਈ ਰੈਂਕ ਦੀ ਪੁਲਿਸ ਵਰਦੀ ਵੀ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ ਜਿਸਦੀ ਵਰਤੋਂ ਕਰਕੇ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।

ਸੂਚਨਾ ਮਿਲਣ ’ਤੇ ਕੀਤੀ ਕਾਰਵਾਈ : ਡੀਜੀਪੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਦੋ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਥਿਆਰ ਲੈ ਕੇ ਮੋਟਰਸਾਈਕਲ ’ਤੇ ਸੂਬੇ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਬਾਰੇ ਭਰੋਸੇਯੋਗ ਸੂਚਨਾ ਮਿਲਣ ’ਤੇ ਏ.ਜੀ.ਟੀ.ਐਫ ਨੇ ਬਠਿੰਡਾ ਪੁਲੀਸ ਨਾਲ ਮਿਲ ਕੇ ਪਿੰਡ ਪਥਰਾਲਾ ਦੀ ਲਿੰਕ ਸੜਕ ’ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕੀਤਾ ਹੈ।
SHARE