India News (ਇੰਡੀਆ ਨਿਊਜ਼), Harchand Burst, ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਪੰਜਾਬ ਦੀ ਵੱਖ-ਵੱਖ ਅਨਾਜ ਮੰਡੀਆਂ, ਸਬਜੀ ਅਤੇ ਫ਼ਲ ਮੰਡੀਆਂ, ਸੜਕਾਂ ਦੇ ਵਿਕਾਸ ਕਾਰਜਾਂ ਅਤੇ ਮਾਰਕਿਟ ਕਮੇਟੀਆਂ, ਬਜ਼ਟ, ਈ-ਨੈਮ, ਆਰ.ਡੀ.ਐਫ. ਆਦਿ ਦਾ ਜਾਇਜਾ ਲੈਣ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਉੱਚ ਅਧਿਕਾਰੀਆਂ ਨੂੰ ਚੱਲ ਰਹੇ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਗਏ।
ਮੰਡੀਆਂ ਵਿੱਚ ਵੀ ਆਨਲਾਈਨ ਗੇਟ ਐਂਟਰੀ
ਮੀਟਿੰਗ ਦੌਰਾਨ ਹਰਚੰਦ ਸਿੰਘ ਬਰਸਟ ਨੇ ਪਟਿਆਲਾ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜੀ ਮੰਡੀ ਦੇ ਮੁੱਖ ਗੇਟ ਉੱਤੇ ਬੂਮ ਬੈਰੀਅਰ, ਸੀ.ਸੀ.ਟੀ.ਵੀ. ਅਤੇ ਵੇ-ਬ੍ਰਿਜ ਰਾਹੀਂ ਆਨਲਾਈਨ ਐਂਟਰੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਪਰੋਕਤ ਮੰਡੀ ਦੀ ਤਰਜ਼ ਤੇ ਪੰਜਾਬ ਦੀਆਂ ਹੋਰ ਫ਼ਲ ਅਤੇ ਸਬਜੀ ਮੰਡੀਆਂ ਵਿੱਚ ਵੀ ਆਨਲਾਈਨ ਗੇਟ ਐਂਟਰੀ ਦੇ ਕਾਰਜ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਤੇਜੀ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਵੱਖ-ਵੱਖ ਪ੍ਰੋਜੈਕਟਾਂ, ਕਾਰਜਾਂ ਸਬੰਧੀ ਅਲਾਟ ਹੋਏ ਫੰਡਾਂ ਅਤੇ ਹੋਰਨਾਂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਲਿਆਉਣੀ ਯਕੀਨੀ ਬਣਾਈ ਜਾਵੇ।
ਸਰਕਾਰ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਵਚਨਬੱਧ
ਉਨ੍ਹਾਂ ਅੱਗੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਪਿੰਡ ਮਹਿਮਦਪੁਰ ਦੇ ਵਸਨੀਕਾਂ ਵੱਲੋਂ ਮੰਡੀ ਬੋਰਡ ਨੂੰ 20 ਬਿੱਘੇ ਜਮੀਨ ਦਿੱਤੀ ਗਈ ਹੈ, ਤਾਂ ਜੋ ਇਥੇ ਮੰਡੀ ਨੂੰ ਵਿਕਸਿਤ ਕੀਤਾ ਜਾ ਸਕੇ। ਇਸ ਲਈ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅਧਿਕਾਰੀਆਂ ਨੂੰ ਕਿਹਾ ਕਿ ਮਹਿਮਦਪੁਰ ਵਿਖੇ ਸਬ-ਯਾਰਡ, ਸਬਜੀ ਮੰਡੀ ਤੇ ਦੁਕਾਨਾਂ ਬਣਾਉਣ ਦੇ ਕਾਰਜ਼ ਉੱਤੇ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਉਪਰੋਕਤ ਮੰਡੀ ਤੋਂ ਲਾਭ ਮਿਲ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਾਰੀਆਂ ਨੂੰ ਇੱਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰਨ ਤੇ ਜੋਰ ਦੇਣਾ ਚਾਹੀਦਾ ਹੈ। ਇਸ ਮੌਕੇ ਅੰਮ੍ਰਿਤ ਕੌਰ ਗਿੱਲ, ਸਕੱਤਰ, ਪੰਜਾਬ ਮੰਡੀ ਬੋਰਡ, ਗੁਰਦੀਪ ਸਿੰਘ, ਇੰਜੀਨਿਅਰ-ਇਨ-ਚੀਫ, ਮਨਜੀਤ ਸਿੰਘ ਸੰਧੂ ਜੀ.ਐਮ. ਇੰਨਫੋਰਸਮੈਂਟ ਸਮੇਤ ਸਮੂਹ ਉੱਚ ਅਧਿਕਾਰੀ ਮੌਜੂਦ ਰਹੇ।
ਇਹ ਵੀ ਪੜ੍ਹੋ :Dera Bassi Crime : ਚੋਰਾਂ ਨੇ ਠੰਡ ਅਤੇ ਧੁੰਦ ਦਾ ਫਾਇਦਾ ਉਠਾਇਆ, ਚਾਰ ਦਿਨਾਂ ਵਿੱਚ ਅੱਠ ਦੇ ਕਰੀਬ ਮੱਝਾਂ ਚੋਰੀ, ਹੋਰ ਸਾਮਾਨ ਵੀ ਗਾਇਬ