India News (ਇੰਡੀਆ ਨਿਊਜ਼), Harchand Singh Burst, ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਿਸਾਨਾਂ ਦੇ ਚੰਗੇ ਭਵਿੱਖ ਲਈ ਕਿਸਾਨਾਂ ਵਿੱਚ ਈ-ਮਾਰਕੀਟਿੰਗ (e-marketing) ਬਾਰੇ ਜਾਗਰੂਕਤਾ ਪੈਦਾ ਕਰਨਾ ਬੇਹਦ ਲਾਜ਼ਮੀ ਹੈ। ਇਸੇ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਇਲੈਕਟ੍ਰਾਨਿਕ-ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਨਾਮ) ਸਕੀਮ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਈ-ਨਾਮ ਪੋਰਟਲ ਅਤੇ ਮੋਬਾਈਲ ਐਪ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।
ਈ-ਮਾਰਕੀਟਿੰਗ ਕਿਸਾਨਾਂ ਨੂੰ ਆਪਣੇ ਉਤਪਾਦਾਂ ਨੂੰ ਵੱਖ-ਵੱਖ ਰਾਜਾਂ ਅਤੇ ਦੁਨੀਆ ਭਰ ਵਿੱਚ ਵੇਚਣ ਦੀ ਸਹੂਲਤ ਦਿੰਦੀ ਹੈ ਅਤੇ ਇਹ 24 ਘੰਟੇ ਖੁੱਲ੍ਹਾ ਰਹਿਣ ਵਾਲਾ ਪਲੇਟਫਾਰਮ ਹੈ। ਕਿਸਾਨ ਆਪਣੀ ਉਪਜ ਨੂੰ ਕਿਸੇ ਵੀ ਸਮੇਂ ਵੇਚ ਸਕਦੇ ਹਨ।
ਮਸ਼ੀਨਾਂ ਰਾਹੀਂ ਫਸਲਾਂ ਦੀ ਗੁਣਵੱਤਾ ਦੀ ਜਾਂਚ
Harchand Singh Burst,ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਅੱਜ ਅਨਾਜ ਦੀ ਗੁਣਵੱਤਾ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਦੀ ਡੇਮੋਸਟ੍ਰੇਸ਼ਨ ਦੌਰਾਨ ਦੱਸਿਆ ਕਿ ਇਹ ਮਸ਼ੀਨਾਂ ਫਸਲਾਂ ਦੀ ਗੁਣਵੱਤਾ ਦੀ ਜਾਂਚ A.I ਤਕਨੀਕ ਰਾਹੀਂ ਕਰਦੀਆਂ ਹਨ, ਜਿਸ ਰਾਹੀਂ ਫਸਲਾਂ ਵਿੱਚ ਆਉਣ ਵਾਲੇ ਖਰਾਬ ਦਾਣੇ, ਪੱਥਰ, ਕਿਸੇ ਹੋਰ ਚੀਜ਼ ਦੀ ਮਿਲਾਵਟ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੀ ਹੈ।
ਉਹਨਾਂ ਦੱਸਿਆ ਕਿ ਜਲਦ ਹੀ ਇਨ੍ਹਾਂ ਮਸ਼ੀਨਾਂ ਨੂੰ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ਲਗਾਇਆ ਜਾਵੇਗਾ ਤਾਂਕਿ ਕਿਸਾਨ ਇਨ੍ਹਾਂ ਦਾ ਲਾਭ ਲੈ ਸਕਣ।
ਈ-ਟ੍ਰੇਡਿੰਗ ਲਈ ਸੂਰਜਮੁਖੀ ਨੂੰ ਜੋੜਿਆ
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 2,17,491 ਕਿਸਾਨਾਂ, 8,946 ਕਮਿਸ਼ਨ ਏਜੰਟਾਂ ਅਤੇ 2,874 ਵਪਾਰੀਆਂ ਨੂੰ ਈ-ਨਾਮ ਪੋਰਟਲ ਨਾਲ ਰਜਿਸਟਰਡ ਕੀਤਾ ਗਿਆ ਹੈ ਅਤੇ ਆਲੂ, ਬਾਸਮਤੀ, ਮੱਕੀ, ਕਿੰਨੂ, ਮੂੰਗੀ, ਕਪਾਹ, ਹਰੇ ਮਟਰ, ਸ਼ਿਮਲਾ ਮਿਰਚ, ਤਰਬੂਜ, ਲੀਚੀ ਅਤੇ ਸੂਰਜਮੁਖੀ ਸਮੇਤ ਕੁੱਲ 35.04 ਲੱਖ ਟਨ ਖੇਤੀਬਾੜੀ ਜਿਣਸਾਂ ਦਾ ਈ-ਟ੍ਰੇਡ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਇਨ੍ਹਾਂ ਪ੍ਰਮੁੱਖ ਫ਼ਸਲਾਂ ਦੇ ਵਧੀਆ ਭਾਅ ਨੂੰ ਯਕੀਨੀ ਬਣਾਉਣ ਲਈ ਸਿਰਫ਼ ਇਨ੍ਹਾਂ 11 ਜਿਣਸਾਂ ਦੇ ਈ-ਟ੍ਰੇਡਿੰਗ ਲਈ ਈ-ਨਾਮ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਹਾਲ ਹੀ ਵਿੱਚ ਈ-ਟ੍ਰੇਡਿੰਗ ਲਈ ਸੂਰਜਮੁਖੀ ਨੂੰ ਜੋੜਿਆ ਗਿਆ ਹੈ।
ਮਜਬੂਤ ਕਿਸਾਨ, ਸਰਕਾਰ ਦਾ ਮਨੋਰਥ
ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨ, ਖੇਤੀਬਾੜੀ ਨੂੰ ਵਧੇਰਾ ਲਾਹੇਵੰਦ ਧੰਦਾ ਬਣਾਉਣ ਲਈ ਆਨਲਾਈਨ ਕਰਿਆਨਾ ਪੋਰਟਲ,ਸੋਸ਼ਲ ਮੀਡੀਆ ਸਾਈਟਾਂ ਤੇ ਉਪਲਬਧ ਮਾਰਕੀਟ ਪਲੇਸ ਵਿਕਲਪਾਂ ਦੀ ਪੜਚੋਲ ਕਰਨ। ਆਪਣੇ ਖੁਦ ਦੇ ਵੈਬ ਪੋਰਟਲ ਬਣਾਉਣ ਦੇ ਉਪਰਾਲੇ ਕਰਨ ਤਾਂ ਜੋ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਖਪਤਕਾਰਾਂ ਨੂੰ ਵੇਚ ਸਕਣ। ਇਸ ਮੰਤਵ ਲਈ ਈ-ਨਾਮ ਪੋਰਟਲ ਕਿਸਾਨਾਂ ਲਈ ਲਾਹੇਵੰਦ ਹੋਵੇਗਾ।
ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਨੋਰਥ ਹੈ ਕਿ ਕਿਸਾਨਾਂ ਨੂੰ ਮਜਬੂਤ ਬਣਾਇਆ ਜਾਵੇ। ਸੂਬਾ ਸਰਕਾਰ ਕਿਸਾਨਾਂ ਨੂੰ ਈ-ਮਾਰਕੀਟਿੰਗ ਵਰਗੇ ਮੌਕੇ ਪ੍ਰਦਾਨ ਕਰਨ ਤੇ ਕੰਮ ਕਰ ਰਹੀ ਹੈ ਤਾਂ ਜੋ ਉਹ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਦਾ ਮੁਕਾਬਲਾ ਕਰ ਸਕਣ ਅਤੇ ਆਪਣੀਆਂ ਫਸਲਾਂ ਨੂੰ ਵੇਚ ਕੇ ਲਾਭ ਲੈ ਸਕਣ। ਇਸ ਮੌਕੇ ਗੀਤਿਕਾ ਸਿੰਘ ਸੰਯੁਕਤ ਸਕੱਤਰ, ਪੰਜਾਬ ਮੰਡੀ ਬੋਰਡ ਸਮੇਤ ਬੋਰਡ ਦੇ ਉੱਚ ਅਧਿਕਾਰੀ ਮੌਜੂਦ ਰਹੇ।
ਇਹ ਵੀ ਪੜ੍ਹੋ :Panchayat Elections : ਪੰਚਾਇਤੀ ਚੋਣਾਂ ਦਾ ਸ਼ੈਡਿਊਲ ਜਾਰੀ ਨਾ ਕਰਨ ਨੂੰ ਲੈ ਕੇ HC ਨੇ ਸਖਤੀ ਵਿਖਾਈ