ਹਰਜਿੰਦਰ ਕੌਰ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ

0
369
Harjinder Kaur Win Bronze medal in CWG
Harjinder Kaur Win Bronze medal in CWG

ਇੰਡੀਆ ਨਿਊਜ਼, ਨਾਭਾ (Harjinder Kaur Win Bronze medal in CWG): ਨਾਭਾ ਬਲਾਕ ਦੇ ਪਿੰਡ ਮੈਹਸ਼ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਵੇਟ ਲਿਫ਼ਟਿੰਗ ਬ੍ਰੌਂਜ਼ ਮੈਡਲ ਜਿੱਤਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਹੈ l ਹਰਜਿੰਦਰ ਕੌਰ ਨੇ 71 ਕਿਲੋ ਵਰਗ ‘ਚ ਤੀਜੀ ਥਾਂ ਹਾਸਲ ਕੀਤੀ। ਇਸ ਦੇ ਨਾਲ ਹੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 9ਵਾਂ ਤਮਗਾ ਦਿਵਾਇਆ।

ਇਸ ਭਰ ਵਰਗ ਵਿੱਚ ਜਿੱਤਿਆ ਮੈਡਲ

ਮਹਿਲਾ ਵੇਟਲਿਫਟਰ ਨੇ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਬ੍ਰੌਂਜ਼ ਮੈਡਲ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋ ਭਾਰ ਚੁੱਕਿਆ। ਹਾਲਾਂਕਿ, ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਕਲੀਨ ਐਂਡ ਜਰਕ ਵਿੱਚ ਉਸਦਾ ਸਰਵੋਤਮ 121 ਕਿਲੋਗ੍ਰਾਮ ਹੈ। ਨਾਭਾ ਬਲਾਕ ਦੇ ਪਿੰਡ ਮੈਹਸ਼ ਵਿਖੇ ਹਰਜਿੰਦਰ ਕੌਰ ਦੇ ਪਰਿਵਾਰਕ ਮੈਂਬਰ ਦਾ ਖੁਸ਼ੀ ਦਾ ਠਿਕਾਣਾ ਨਹੀਂ ਅਤੇ  ਪਿੰਡ ਦੇ ਲੋਕਾਂ ਵੱਲੋਂ ਘਰ ਵਿਚ ਆ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਹੈ।

ਗ਼ਰੀਬੀ ਵਿੱਚੋਂ ਉੱਠ ਕੇ ਇਹ ਮੁਕਾਮ ਹਾਸਲ ਕੀਤਾ

ਇਸ ਮੌਕੇ ਤੇ ਹਰਜਿੰਦਰ ਕੌਰ ਦੇ ਭਰਾ ਪ੍ਰਿਤਪਾਲ ਸਿੰਘ, ਪਿਤਾ ਸਾਹਿਬ ਸਿੰਘ ਅਤੇ ਮਾਤਾ ਕੁਲਦੀਪ ਕੌਰ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਜੋ ਅੱਜ ਬੱਚੀ ਨੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਹੈ। ਕਿਉਂਕਿ ਗ਼ਰੀਬੀ ਵਿੱਚੋਂ ਉੱਠ ਕੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਗ਼ਰੀਬੀ ਦੇ ਮਾਹੌਲ ਵਿੱਚੋਂ ਉੱਠ ਕੇ ਅਸੀਂ ਆਪਣੀ ਮਿਹਨਤ ਦੇ ਸਦਕਾ ਇਸ ਮੁਕਾਮ ਤੇ ਪਹੁੰਚਾਇਆ ਹੈ ਕਿਉਂਕਿ ਸਰਕਾਰਾਂ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਗਈ।

ਮੁੱਖਮੰਤਰੀ ਮਾਨ ਨੇ ਦਿੱਤੀ ਵਧਾਈ

ਹਰਜਿੰਦਰ ਕੌਰ ਦੀ ਪ੍ਰਾਪਤੀ ਤੇ ਮੁੱਖਮੰਤਰੀ ਭਗਵੰਤ ਮਾਨ ਨੇ ਖੁਸ਼ੀ ਜਾਹਿਰ ਕਰਦੇ ਹੋਏ ਇਸ ਨੂੰ ਪੰਜਾਬ ਲਈ ਵੱਡੀ ਜਿੱਤ ਦੱਸਿਆ l ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਨਾਭਾ ਨੇੜਲੇ ਪਿੰਡ ਮੈਹਸ ਦੀ ਜੰਮਪਲ ਹਰਜਿੰਦਰ ਕੌਰ ਵੱਲੋਂ ਵੇਟ ਲਿਫਟਿੰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਵਧਾਈਆਂ… ਹਰਜਿੰਦਰ ਤੁਸੀਂ ਪੰਜਾਬ ਦੀਆਂ ਬੱਚੀਆਂ ਲਈ ਪ੍ਰੇਰਣਾਸਰੋਤ ਬਣੋਗੇ…ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ…ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ… ਚੱਕਦੇ ਇੰਡੀਆ l ਇਸ ਤੋਂ ਬਾਅਦ ਸੀ ਐਮ ਨੇ ਕਿਹਾ ਕਿ  ਹਰਜਿੰਦਰ ਕੌਰ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ। ਇਸ ਮਾਣਮੱਤੀ ਖਿਡਾਰਨ ਦੀ ਇਹ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਖ਼ਾਸ ਕਰਕੇ ਸਾਡੀਆਂ ਬੱਚੀਆਂ ਨੂੰ ਉਤਸ਼ਾਹਤ ਕਰੇਗੀ l

ਇਹ ਵੀ ਪੜ੍ਹੋ: ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤ, ਰਾਸ਼ਟਰਮੰਡਲ ਖੇਡਾਂ ‘ਚ ਬਣਾਇਆ ਨਵਾਂ ਰਿਕਾਰਡ

ਸਾਡੇ ਨਾਲ ਜੁੜੋ :  Twitter Facebook youtube

SHARE