ਇੰਡੀਆ ਨਿਊਜ਼, ਚੰਡੀਗੜ੍ਹ (Incidents of stubble burning): ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪਰਾਲੀ ਸਾੜੇ ਜਾਣ ਵਾਲੇ ਸੰਭਾਵਤ ਖੇਤਰਾਂ ‘ਚ ਅਜਿਹੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਪਿਛਲੇ ਦਿਨਾਂ ਦੌਰਾਨ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਆਏ ਸਕੱਤਰ ਇੰਚਾਰਜਾਂ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਜਾਇਜ਼ਾ ਅਤੇ ਮੁਕਾਮੀ ਪੱਧਰ ਦੀ ਸਥਿਤੀ ਅਨੁਸਾਰ ਸੁਝਾਅ ਲੈਂਦਿਆਂ ਮੁੱਖ ਸਕੱਤਰ ਨੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਨੰਬਰਦਾਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਹਦਾਇਤ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਅਤੇ ਜਿਨ੍ਹਾਂ ਪਿੰਡਾਂ ਵਿੱਚ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਉਂਦੇ ਹਨ, ਉਥੋਂ ਦੇ ਨੰਬਰਦਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਪਰਾਲੀ ਪ੍ਰਬੰਧਨ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਇਥੇ ਪਰਾਲੀ ਪ੍ਰਬੰਧਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਅਗਲੇ ਦਿਨਾਂ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਜ਼ਿਆਦਾ ਤਵੱਜੋ ਦਿੱਤੀ ਜਾਵੇ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਕੰਟਰੋਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਹਾਟ-ਸਪਾਟਸ ‘ਤੇ ਜ਼ਿਆਦਾ ਫ਼ੋਕਸ ਕੀਤਾ ਜਾਵੇ ਅਤੇ ਜਿਨ੍ਹਾਂ ਪਿੰਡਾਂ ਵਿਚ ਪਿਛਲੇ ਸਾਲਾਂ ਦੌਰਾਨ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਉੱਥੇ ਪ੍ਰਸ਼ਾਸ਼ਨ ਜ਼ਿਆਦਾ ਚੌਕਸੀ ਵਰਤੇ। ਇਸ ਦੇ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਵਾਲੀਆਂ ਥਾਵਾਂ ਦੀ ਨਿੱਜੀ ਅਤੇ ਸੈਟੇਲਾਈਟ ਵੈਰੀਫ਼ਿਕੇਸ਼ਨ ਜ਼ਿਆਦਾ ਪੁਖ਼ਤਗੀ ਨਾਲ ਕੀਤੀ ਜਾਵੇ।
ਸਕੱਤਰ ਇੰਚਾਰਜਾਂ ਨੇ ਮੁੱਖ ਸਕੱਤਰ ਨੂੰ ਹਾਲਤ ਤੋਂ ਜਾਣੂ ਕਰਵਾਇਆ
ਜ਼ਿਲ੍ਹਿਆਂ ਦਾ ਦੌਰਾ ਕਰਕੇ ਆਏ ਸਕੱਤਰ ਇੰਚਾਰਜਾਂ ਨੇ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਕਿ ਸੂਬੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਗਿਰਾਵਟ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 27 ਅਕਤੂਬਰ 2021 ਤੱਕ ਪਰਾਲੀ ਸਾੜਨ ਵਾਲਾ ਰਕਬਾ 400.35 ਹਜ਼ਾਰ ਹੈਕਟੇਅਰ ਸੀ, ਜੋ 26 ਅਕਤੂਬਰ 2022 ਤੱਕ ਘਟ ਕੇ 295.60 ਹਜ਼ਾਰ ਹੈਕਟੇਅਰ ਰਹਿ ਗਿਆ ਹੈ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਹਦਾਇਤ ਕੀਤੀ ਕਿ ਠੇਕੇ ‘ਤੇ ਦਿੱਤੀਆਂ ਸਰਕਾਰੀ ਜ਼ਮੀਨਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਝੋਨੇ ਦਾ ਮੌਜੂਦਾ ਖ਼ਰੀਦ ਸੀਜ਼ਨ ਇਕ ਹਫ਼ਤੇ ਵਿੱਚ ਹੋਵੇਗਾ ਮੁਕੰਮਲ: ਭਗਵੰਤ ਮਾਨ
ਇਹ ਵੀ ਪੜ੍ਹੋ: ਵਟਸਐਪ ਰਾਹੀਂ ਮਿਲੇਗੀ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ: ਹਰਜੋਤ ਬੈਂਸ
ਸਾਡੇ ਨਾਲ ਜੁੜੋ : Twitter Facebook youtube