IPL Match : ਡਿਪਟੀ ਕਮਿਸ਼ਨਰ ਮੋਹਾਲੀ ਦੀ ਪਹਿਲ ਕਦਮੀ: ਆਈ ਪੀ ਐਲ ਮੈਚ ਵੇਖਣ ਆਏ ਕ੍ਰਿਕਟ ਪ੍ਰੇਮੀਆਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਲਈ ਕੀਤਾ ਪ੍ਰੇਰਿਤ

0
62
IPL Match

India News (ਇੰਡੀਆ ਨਿਊਜ਼), IPL Match, ਚੰਡੀਗੜ੍ਹ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਨਵੇਂ ਬਣੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ ਹੋਏ IPL match ਮੈਚ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪਹਿਲ ਕਦਮੀ ਸਦਕਾ ਸਰਕਾਰੀ ਬਹੁਤਕਨੀਕੀ ਕਾਲਜ ਖੂਨੀ ਮਾਜਰਾ ਅਤੇ ਪੀ ਟੀ ਯੂ ਕੈਂਪਸ ਮੋਹਾਲੀ ਦੇ ਇਲੈਕਟੋਰਲ ਲਿਟਰੇਸੀ ਕਲੱਬ ਦੇ 400 ਪਹਿਲੀ ਵਾਰ ਵੋਟਰ ਬਣੇ ਮੈਂਬਰਾਂ ਨੇ ਮੈਚ ਵੇਖਣ ਆਏ ਕ੍ਰਿਕਟ ਪ੍ਰੇਮੀਆਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਾ ਸਿਰਫ਼ ਜ਼ਿਲ੍ਹਾ ਸਵੀਪ ਟੀਮ ਦੀ ਅੱਗੇ ਹੋ ਕੇ ਅਗਵਾਈ ਕੀਤੀ, ਸਗੋਂ ਖੁਦ ਵੀ ਬਹੁਤ ਸਾਰੇ ਨੌਜਵਾਨਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ।

ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੌਰਾਨ ਮੁੱਖ ਚੋਣ ਅਧਿਕਾਰੀ ਦੇ ਦਫਤਰ ਵੱਲੋਂ ‘ਇਸ ਵਾਰ 70 ਪਾਰ’ ਦਾ ਟੀਚਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਇਸ ਟੀਚੇ ਦੀ ਪ੍ਰਾਪਤੀ ਤੋਂ ਵੀ ਅਗਾਂਹ ਜਾਂਦਿਆਂ ਇਹ ਪ੍ਰਤੀਸ਼ਤਤਾ 80 ਫ਼ੀਸਦੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੈਚ ਦੌਰਾਨ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਪ੍ਰੋਗਰਾਮ ਵੀ ਇਸੇ ਲੜੀ ਤਹਿਤ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਚੋਣਾਂ ਵਿੱਚ ਵੱਧ ਚੜ੍ਹਕੇ ਵੋਟਾਂ ਪਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਇਹ ਭਾਰਤੀ ਚੋਣ ਕਮਿਸ਼ਨ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ।

ਸਟੇਟ ਆਈਕੋਨ ਤਰਸੇਮ ਜੱਸੜ ਵੱਲੋਂ ਵੋਟਰ ਜਾਗਰੂਕਤਾ ਸੰਦੇਸ਼

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕ੍ਰਿਕਟ ਦੇ ਕ੍ਰੇਜ਼ ਨੂੰ ਦੇਖਦੇ ਹੋਏ ਮੁੱਖ ਚੋਣ ਅਧਿਕਾਰੀ ਦੇ ਦਫਤਰ ਵੱਲੋਂ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਸਟੇਟ ਆਈਕੋਨ ਨਿਯੁਕਤ ਕੀਤਾ ਹੈ ਅਤੇ ਮੈਚ ਦੌਰਾਨ ਵੱਡੀ ਸਕਰੀਨ ਉੱਤੇ ਸ਼ੁਭਮਨ ਗਿੱਲ ਵੱਲੋਂ ਕੀਤੀ ਗਈ ਜਨ ਅਪੀਲ ਵੋਟ ਪ੍ਰਤੀਸ਼ਤ ਨੂੰ 70 ਫੀਸਦੀ ਤੋਂ ਉੱਪਰ ਲਿਜਾਣ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ ਦੂਜੇ ਸਟੇਟ ਆਈਕੋਨ ਤਰਸੇਮ ਜੱਸੜ ਵੱਲੋਂ ਵੋਟਰ ਜਾਗਰੂਕਤਾ ਸੰਦੇਸ਼ ਅਤੇ ਵੋਟ ਪਾਉਣ ਦੀ ਅਪੀਲ ਵੀ ਵਿਖਾਈ ਗਈ। ਆਸ਼ਿਕਾ ਜੈਨ ਨੇ ਅੱਗੇ ਦੱਸਿਆ ਕਿ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਲਈ ਸਟੇਡੀਅਮ ਵਿੱਚ ਕਈ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਲੋਕ ਜਾਗਰੂਕਤਾ ਲਈ ਇਸ ਵਾਰ ਦੇ ਚੋਣ ਮਸਕਟ ਸ਼ੇਰਾ 2.0 ਦੇ ਕਈ ਵੱਡੇ ਵੱਡੇ ਕਟਆਊਟ ਸਟੇਡੀਅਮ ਦੇ ਬਾਹਰ ਲਗਾਏ ਹੋਏ ਸਨ।

ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਵੋਟ ਦੇ ਅਧਿਕਾਰ

ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ, 2024 ਨੂੰ ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਡਿਪਟੀ ਕਮਿਸ਼ਨਰ ਨੇ ਇਸ ਵੋਟਰ ਜਾਗਰੂਕਤਾ ਮੁਹਿੰਮ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਵੱਲੋਂ ਦਿੱਤੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਆਈ.ਪੀ.ਐਲ.ਪ੍ਰੇਮੀਆਂ ਤੱਕ ਪਹੁੰਚ ਕਰਨ ਲਈ ਸਵੀਪ ਗਤੀਵਿਧੀ ਕੀਤੀ ਗਈ ਹੈ, ਇਸੇ ਤਰਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਵੋਟਰ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਦੀ ਵਰਤੋਂ ਕਰਨ ਲਈ ਵੱਖ-ਵੱਖ ਢੰਗਾਂ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ :Janasabha Led By SMS Sandhu : ਐਸਐਮਐਸ ਸੰਧੂ ਦੀ ਅਗਵਾਈ ਚ ਅਯੋਜਿਤ ਜਨਸਭਾ ਨੂੰ ਮਹਾਰਾਣੀ ਪਰਨੀਤ ਕੌਰ ਨੇ ਕੀਤਾ ਸੰਬੋਧਿਤ

 

SHARE