- ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਕਿ ਦਿਵਿਆਂਗ ਵਿਅਕਤੀ ਮਾਣ-ਸਨਮਾਨ ਨਾਲ ਆਪਣਾ ਜੀਵਨ ਬਸਰ ਕਰ ਸਕਣ
ਇੰਡੀਆ ਨਿਊਜ਼ PUNJAB NEWS: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਭਰ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐੱਮ.) ਨੇ ਅੱਜ ਆਪਣੇ ਟਰੇਨਿੰਗ ਪਾਰਟਨਰ ਡੀ.ਸੀ.ਐੱਫ. ਸਕਿੱਲਜ਼ ਰਾਹੀਂ ਜੀ.ਜੀ.ਐਨ. ਕੈਂਪਸ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਦਿਵਿਆਂਗ (ਬੋਲਣ, ਸੁਣਨ ਅਤੇ ਦੇਖਣ ਵਿੱਚ ਅਸਮਰੱਥ) ਵਿਅਕਤੀਆਂ ਲਈ ਸੂਬੇ ਦਾ ਪਹਿਲਾ ਹੁਨਰ ਵਿਕਾਸ ਕੇਂਦਰ ਸ਼ੁਰੂ ਕੀਤਾ।
ਇਸ ਕੇਂਦਰ ਦਾ ਉਦਘਾਟਨ ਮਿਸ਼ਨ ਡਾਇਰੈਕਟਰ ਪੀ.ਐਸ.ਡੀ.ਐਮ. ਦੀਪਤੀ ਉੱਪਲ ਨੇ ਕੀਤਾ। ਇਸ ਮੌਕੇ ਉੱਪਲ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਦਿਵਿਆਂਗ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾਵੇ ਜੋ ਯਕੀਨਨ ਤੌਰ ‘ਤੇ ਉਨ੍ਹਾਂ ਨੂੰ ਕੋਈ ਵਿਸ਼ੇਸ਼ ਹੁਨਰ ਹਾਸਲ ਕਰਨ ਵਿੱਚ ਮਦਦ ਕਰੇਗਾ, ਜਿਸ ਰਾਹੀਂ ਉਹ ਖੁਦ ਨੂੰ ਸਵੈ-ਨਿਰਭਰ ਬਣਾ ਕੇ ਆਪਣੀ ਰੋਜ਼ੀ-ਰੋਟੀ ਕਮਾਉਣੀ ਸ਼ੁਰੂ ਕਰ ਸਕਦੇ ਹਨ।
ਇਹ ਕੇਂਦਰ ਸੁਣਨ ਵਿੱਚ ਅਸਮਰੱਥ 180 ਵਿਅਕਤੀਆਂ ਨੂੰ ਡਾਟਾ ਐਂਟਰੀ ਆਪਰੇਟਰ ਅਤੇ ਕਸਟਮਰ ਕੇਅਰ ਐਗਜ਼ੀਕਿਊਟਿਵ ਕੋਰਸਾਂ ਦੀ ਸਿਖਲਾਈ ਦੇਵੇਗਾ
ਉਨ੍ਹਾਂ ਅੱਗੇ ਕਿਹਾ ਕਿ ਇਹ ਉਪਰਾਲਾ ਜਿੱਥੇ ਇੱਕ ਪਾਸੇ ਦਿਵਿਆਂਗਾਂ ਨੂੰ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦੇ ਹਿੱਸੇਦਾਰ ਬਣਾਉਣ ਵਿੱਚ ਮਦਦ ਕਰੇਗਾ, ਓਥੇ ਹੀ ਦੂਜੇ ਪਾਸੇ ਉਨ੍ਹਾਂ ਲਈ ਮਾਣ-ਸਨਮਾਨ ਭਰਿਆ ਜੀਵਨ ਯਕੀਨੀ ਬਣਾਉਣ ਵਿੱਚ ਵੀ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਸੁਣਨ ਵਿੱਚ ਅਸਮਰੱਥ 180 ਵਿਅਕਤੀਆਂ ਨੂੰ ਡਾਟਾ ਐਂਟਰੀ ਆਪਰੇਟਰ ਅਤੇ ਕਸਟਮਰ ਕੇਅਰ ਐਗਜ਼ੀਕਿਊਟਿਵ ਕੋਰਸਾਂ ਦੀ ਸਿਖਲਾਈ ਦੇਵੇਗਾ।
ਸਾਰੇ ਵਿਦਿਆਰਥੀਆਂ ਨੂੰ ਕੋਰਸ ਦੇ ਅੰਤ ਵਿੱਚ ਪਲੇਸਮੈਂਟ ਸਹਾਇਤਾ ਮੁਫਤ ਦਿੱਤੀ ਜਾਵੇਗੀ। ਮਿਸ਼ਨ ਡਾਇਰੈਕਟਰ ਨੇ ਅੱਗੇ ਕਿਹਾ ਕਿ ਪੀਐਸਡੀਐਮ ਲਈ ਦਿਵਿਆਂਗਾਂ ਲਈ ਇੱਕ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ ਤਾਂ ਜੋ ਉਨ੍ਹਾਂ ਨੂੰ ਇੱਕ ਨੇਕ ਉਪਰਾਲੇ ਵਜੋਂ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ।
ਇਸ ਮੌਕੇ ਏ.ਡੀ.ਸੀ.(ਵਿਕਾਸ) ਅਮਿਤ ਪੰਚਾਲ ਨੇ ਡੀ.ਸੀ.ਐਫ ਸਕਿੱਲਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਪ੍ਰਾਜੈਕਟ ਵਿੱਚ ਸਿਖਲਾਈ ਲੈਣ ਵਾਲੇ ਦਿਵਿਆਂਗਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਵਧੀਕ ਮਿਸ਼ਨ ਡਾਇਰੈਕਟਰ (ਪੀ.ਐਸ.ਡੀ.ਐਮ) ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਦੀ ਮਦਦ ਕਰਨਾ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਡੀਸੀਐਫ ਸਕਿੱਲਜ਼ ਦੇ ਸੰਸਥਾਪਕ ਐਮ.ਡੀ ਪਾਸੀ ਨੇ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਦਿਵਿਆਂਗਾਂ ਨੂੰ ਉਤਸ਼ਾਹਿਤ ਕਰਨ ਹਿਤ ਡੀਸੀਐਫ ਸਕਿੱਲਜ਼ ਨੂੰ ਮੌਕਾ ਦੇਣ ਲਈ ਪੀ.ਐਸ.ਡੀ.ਐਮ. ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡਾ.ਐਸ.ਪੀ.ਸਿੰਘ (ਪ੍ਰਧਾਨ ਜੀ.ਜੀ.ਐਨ. ਐਜੂਕੇਸ਼ਨਲ ਸੁਸਾਇਟੀ) ਵੀ ਹਾਜ਼ਰ ਸਨ।
ਇਸ ਦੌਰਾਨ ਦੀਪਤੀ ਉੱਪਲ ਨੇ ਦੌਰੇ ਦੌਰਾਨ ਬੱਚਤ ਭਵਨ, ਲੁਧਿਆਣਾ ਵਿਖੇ ਸਾਰੇ 23 ਡੀ.ਬੀ.ਈ.ਈਜ਼ (ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ) ਨਾਲ ਸਮੀਖਿਆ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਰੁਜ਼ਗਾਰ ਅਫ਼ਸਰ, ਪਲੇਸਮੈਂਟ ਅਫ਼ਸਰ ਅਤੇ ਮਹਾਤਮਾ ਗਾਂਧੀ ਨੈਸ਼ਨਲ ਫੈਲੋ ਹਾਜ਼ਰ ਸਨ।
ਇਸ ਵਿਚਾਰ-ਵਟਾਂਦਰੇ ਦਾ ਮੁੱਖ ਏਜੰਡਾ ਬੀਪੀਓ ਨੌਕਰੀਆਂ ਲਈ ਉਮੀਦਵਾਰਾਂ ਦੀ ਸਹੂਲਤ/ਸਿਖਲਾਈ/ਓਰੀਏਨਟੇਸ਼ਨ ਅਤੇ ਵਿਭਾਗ ਵੱਲੋਂ ਨਵੇਂ ਸਥਾਪਿਤ ਪਲੇਸਮੈਂਟ ਸੈੱਲ ਦੇ ਸਹਿਯੋਗ ਅਤੇ ਤਾਲਮੇਲ ਨਾਲ ਸਬੰਧਤ ਜ਼ਿਲ੍ਹਿਆਂ ਵਿੱਚ ਪਲੇਸਮੈਂਟ ਕੈਂਪਾਂ ਦਾ ਆਯੋਜਨ ਕਰਨਾ ਸੀ।
ਇਸ ਦੇ ਨਾਲ ਹੀ ਸ੍ਰੀਮਤੀ ਉੱਪਲ ਨੇ ਯਤਨਾਂ ਨੂੰ ਹੋਰ ਤੇਜ਼ ਕਰਨ ਅਤੇ ਬਿਹਤਰ ਤਾਲਮੇਲ ਬਣਾਉਣ ‘ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਹੁਦਾ ਸੰਭਾਲਿਆ
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਕੱਲ ਕਰਣਗੇ ਦੂਜਾ ਵਿਆਹ
ਇਹ ਵੀ ਪੜ੍ਹੋ : ਮਾਨ ਨੇ 100 ਦਿਨਾਂ ‘ਚ ਸੂਬੇ ‘ਚ ਕੀ ਅਤੇ ਕਿੰਨਾ ਬਦਲਿਆ?
ਸਾਡੇ ਨਾਲ ਜੁੜੋ : TwitterFacebook youtube