ਦੋ ਸਕੇ ਭਰਾਵਾਂ ਨੇ ਬਿਆਸ ‘ਚ ਮਾਰੀ ਛਾਲ, ਜਲੰਧਰ ਦੇ SHO ‘ਤੇ ਇਲਜ਼ਾਮ, ਤਲਾਸ਼ ਜਾਰੀ

0
116
kapoorthala News

Kapurthala  News : ਜਲੰਧਰ ਦੇ ਥਾਣਾ ਨੰਬਰ 1 ਦੇ ਐੱਸਐੱਚਓ ਵੱਲੋਂ ਕੀਤੀ ਬੇਇੱਜ਼ਤੀ ਤੋਂ ਦੁਖੀ ਹੋ ਕੇ ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ਵਿੱਚ ਛਾਲ ਮਾਰ ਦਿੱਤੀ। ਦੋਵਾਂ ਨੇ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਗੋਇੰਦਵਾਲ ਸਾਹਿਬ ਪੁਲ ਨੇੜੇ ਦਰਿਆ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਅਤੇ ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।

ਸ਼ਿਕਾਇਤਕਰਤਾ ਮਾਨਵਦੀਪ ਸਿੰਘ ਵਾਸੀ ਮੋਗਾ ਹਾਲ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਬੀਤੀ 14 ਅਗਸਤ ਨੂੰ ਆਪਣੀ ਸਹੇਲੀ ਦੀ ਭੈਣ ਪਰਮਿੰਦਰ ਕੌਰ ਦੇ ਪਤੀ ਅਤੇ ਸਹੁਰੇ ਖਿਲਾਫ ਪੰਚਾਇਤ ਕਰਵਾਉਣ ਲਈ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਗਿਆ ਸੀ। ਮਾਨਵਜੀਤ ਸਿੰਘ ਢਿੱਲੋਂ ਅਤੇ ਉਸਦੇ ਦੋ ਦੋਸਤ ਵੀ ਉਸਦੇ ਨਾਲ ਗਏ। ਮਾਨਵਦੀਪ ਸਿੰਘ ਨੇ ਦੋਸ਼ ਲਾਇਆ ਕਿ ਥਾਣੇ ਜਾ ਕੇ ਮਾਨਵਜੀਤ ਸਿੰਘ ਢਿੱਲੋਂ ਨੇ ਐਸ.ਐਚ.ਓ ਨਵਦੀਪ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਬਹੁਤ ਹੀ ਭੱਦੀ ਗੱਲ ਕੀਤੀ ਅਤੇ 16 ਅਗਸਤ ਨੂੰ ਥਾਣੇ ਆਉਣ ਲਈ ਕਿਹਾ। 16 ਅਗਸਤ ਨੂੰ ਉਹ ਕਿਸੇ ਹੋਰ ਕੰਮ ਲਈ ਬਾਹਰ ਗਿਆ ਹੋਇਆ ਸੀ ਤਾਂ ਭਗਵੰਤ ਸਿੰਘ, ਮਾਨਵਜੀਤ ਸਿੰਘ ਢਿੱਲੋਂ, ਉਸ ਦੇ ਦੋਸਤ ਦੀ ਮਾਤਾ ਦਵਿੰਦਰ ਕੌਰ, ਬਲਵਿੰਦਰ ਸਿੰਘ ਦੀ ਪਤਨੀ ਅਤੇ ਹੋਰ ਜਾਣ-ਪਛਾਣ ਵਾਲੇ ਅਤੇ ਰਿਸ਼ਤੇਦਾਰ ਥਾਣੇ ਆ ਗਏ। ਉਥੇ ਦੂਸਰਾ ਪੱਖ ਵੀ ਮੌਜੂਦ ਸੀ। ਇਸ ਦੌਰਾਨ ਕਾਫੀ ਬਹਿਸ ਹੋਈ।

ਇਸ ਦੌਰਾਨ ਲੜਕੇ ਦੇ ਪੱਖ ਨੇ ਪਰਮਿੰਦਰ ਕੌਰ ਅਤੇ ਮਾਨਵਜੀਤ ਸਿੰਘ ਢਿੱਲੋਂ ਨਾਲ ਬਦਸਲੂਕੀ ਕੀਤੀ ਪਰ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਵਿਰੋਧੀ ਧਿਰ ਨੂੰ ਬਾਹਰ ਭੇਜਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ। ਕੁਝ ਸਮੇਂ ਬਾਅਦ ਪੁਲੀਸ ਮੁਲਾਜ਼ਮ ਮਾਨਵਜੀਤ ਸਿੰਘ ਢਿੱਲੋਂ ਨੂੰ ਐਸਐਚਓ ਨਵਦੀਪ ਸਿੰਘ ਕੋਲ ਲੈ ਗਏ। ਕੁਝ ਦੇਰ ਬਾਅਦ ਥਾਣੇ ਦੇ ਅੰਦਰੋਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਪਰਿਵਾਰ ਅੰਦਰ ਗਿਆ ਤਾਂ ਪੁਲਿਸ ਨੇ ਉਨ੍ਹਾਂ ਦੇ ਸਾਹਮਣੇ ਮਾਨਵਜੀਤ ਸਿੰਘ ਢਿੱਲੋਂ ਨੂੰ ਥੱਪੜ ਮਾਰ ਦਿੱਤਾ, ਜਿਸ ਕਾਰਨ ਉਸ ਦੀ ਪੱਗ ਉਤਰ ਗਈ। ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਮਾਨਵਦੀਪ ਸਿੰਘ ਅਨੁਸਾਰ ਰਾਤ ਅੱਠ ਵਜੇ ਦੇ ਕਰੀਬ ਮਾਨਵਜੀਤ ਢਿੱਲੋਂ ‘ਤੇ ਡੀ.ਡੀ.ਆਰ ਦਰਜ ਕਰਕੇ ਉਸ ਨੂੰ ਤਾਲਾਬੰਦ ਕਰ ਦਿੱਤਾ ਗਿਆ। ਜਦੋਂ ਮਾਨਵਜੀਤ ਦੇ ਛੋਟੇ ਭਰਾ ਜਸ਼ਨਬੀਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਗੱਲ ਨੂੰ ਦਿਲ ਵਿਚ ਲਿਆ। ਅਗਲੇ ਦਿਨ ਸ਼ਾਮ ਨੂੰ ਮਾਨਵਜੀਤ ਢਿੱਲੋਂ ਜ਼ਮਾਨਤ ਲੈ ਕੇ ਘਰ ਆ ਗਿਆ। ਉਸ ਦਿਨ ਜਸ਼ਨਬੀਰ ਬਿਨਾਂ ਦੱਸੇ ਘਰੋਂ ਚਲਾ ਗਿਆ। ਜਦੋਂ ਮਾਨਵਜੀਤ ਨੇ ਜਸ਼ਨਬੀਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਐੱਸਐੱਚਓ ਨੇ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਇਆ ਹੈ। ਉਹ ਨਦੀ ਵਿੱਚ ਛਾਲ ਮਾਰ ਕੇ ਮਰਨਾ ਚਾਹੁੰਦਾ ਹੈ। ਫੋਨ ‘ਤੇ ਗੱਲ ਕਰਦੇ ਹੋਏ ਮਾਨਵਜੀਤ ਵੀ ਬਿਆਸ ਦੇ ਗੋਇੰਦਵਾਲ ਸਾਹਿਬ ਪੁਲ ‘ਤੇ ਪਹੁੰਚ ਗਿਆ। ਇਸ ਦੌਰਾਨ ਜਸ਼ਨਬੀਰ ਨੇ ਪੁਲ ਤੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਨਵਜੀਤ ਅਤੇ ਜਸ਼ਨਬੀਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ‘ਤੇ ਤਸ਼ੱਦਦ ਕਰਨ ਵਾਲੇ ਐੱਸਐੱਚਓ ਅਤੇ ਪੁਲਸ ਮੁਲਾਜ਼ਮਾਂ ਅਤੇ ਦੋਸ਼ੀ ਲੜਕੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਐਸਐਚਓ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਦੂਜੇ ਪਾਸੇ ਐਸਐਚਓ ਨਵਦੀਪ ਸਿੰਘ ਨੇ ਕਿਹਾ ਕਿ ਪੁਲੀਸ ’ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਮਾਨਵਜੀਤ ਸਿੰਘ ਨੇ ਪੰਚਾਇਤ ਦੌਰਾਨ ਲੇਡੀ ਕਾਂਸਟੇਬਲ ਜਗਜੀਤ ਕੌਰ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਦੀ ਗਵਾਹੀ ਲੜਕੀ ਪੱਖ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ। ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਗਈ। ਉਸ ਨੇ ਖਦਸ਼ਾ ਜ਼ਾਹਰ ਕੀਤਾ ਕਿ ਮਾਨਵਜੀਤ ਸਿੰਘ ਦੇ ਨਾਲ ਆਏ ਲੋਕਾਂ ਨੇ ਉਸ ਨੂੰ ਉਕਸਾਇਆ ਹੋਵੇਗਾ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਉਹ ਜਿਨ੍ਹਾਂ ਦੇ ਨਾਲ ਸੀ, ਉਨ੍ਹਾਂ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਇਹ ਘਟਨਾ ਪੁਲਿਸ ਨੂੰ ਡਰਾਉਣ ਲਈ ਵਾਪਰੀ ਹੈ। ਸੁਲਤਾਨਪੁਰ ਲੋਧੀ ਥਾਣੇ ਦੇ ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਲਿਖਤੀ ਸ਼ਿਕਾਇਤ ਮਿਲੀ ਹੈ, ਜਿਸ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਨੌਜਵਾਨਾਂ ਦੀ ਦਰਿਆ ਬਿਆਸ ‘ਚ ਭਾਲ ਜਾਰੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

SHARE