ਇੰਡੀਆ ਨਿਊਜ਼, ਐਸਏਐਸ ਨਗਰ (Khedan Vatan Punjab Dian) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਖੇਡ ਵਿਭਾਗ ਤੇ ਖੇਡ ਐਸੋਸੀਏਸ਼ਨਾਂ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ। ਇਹ ਗੱਲ ਉਨਾਂ ਅੱਜ ਇੱਥੇ ਪੰਜਾਬ ਓਲੰਪਿਕ ਭਵਨ ਵਿਖੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕਹੀ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਨਿੱਜੀ ਤੌਰ ਉੱਤੇ ਖੇਡਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੰਜਾਬ ਖੇਡ ਦਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਗੁਜਰਾਤ ਵਿਖੇ ਅਗਲੇ ਮਹੀਨੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖੇਡ ਦਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਸੂਬਾ ਸਰਕਾਰ ਵੱਲੋਂ ਐਸੋਸੀਏਸ਼ਨ ਨੂੰ ਖੇਡ ਦਲ ਲਈ 50 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਹੋਰ ਸਹਾਇਤਾ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਵੀਂ ਖੇਡ ਨੀਤੀ ਤਿਆਰ ਕਰ ਰਹੀ ਹੈ ਜਿਸ ਵਿੱਚ ਖਿਡਾਰੀਆਂ ਲਈ ਨਗਦ ਇਨਾਮ, ਨੌਕਰੀ ਦੇਣੀ, ਛੋਟੀ ਉਮਰ ਦੇ ਖਿਡਾਰੀਆਂ ਨੂੰ ਉਤਸਾਹਤ ਕਰਨ ਉੱਤੇ ਜ਼ੋਰ ਦਿੱਤਾ ਜਾਵੇਗਾ।
ਖੇਡਾਂ ਵਤਨ ਪੰਜਾਬ ਦੀਆਂ 29 ਅਗਸਤ ਤੋਂ
ਉਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ l ਜਿਸ ਦਾ 29 ਅਗਸਤ ਨੂੰ ਮੁੱਖ ਮੰਤਰੀ ਜਲੰਧਰ ਵਿਖੇ ਉਦਘਾਟਨ ਕਰਣਗੇ । ਇਨਾਂ ਖੇਡ ਮੁਕਾਬਲਿਆਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਜਿਸ ਤੋਂ ਬਾਅਦ ਸੂਬਾ ਪੱਧਰੀ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਦਾ ਪੂਲ ਬਣ ਜਾਵੇਗਾ ਜੋ ਅਗਾਂਹ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰਣਗੇ। ਇਸ ਟੂਰਨਾਮੈਂਟ ਦਾ ਮਕਸਦ ਪੰਜਾਬ ਵਿੱਚ ਖਿਡਾਰੀਆਂ ਵਿਚਲੀ ਪ੍ਰਤਿਭਾ ਤੇ ਹੁਨਰ ਦੀ ਤਲਾਸ਼ ਕਰਨਾ ਹੈ। ਉਨਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਅਤੇ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਸੱਦਾ ਪੱਤਰ ਵੀ ਦਿੱਤਾ।
ਇਸ ਮੌਕੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਖਜਾਨਚੀ ਕਰਮਵੀਰ ਸਿੰਘ ਸਿੱਧੂ, ਕਾਰਜਕਾਰਨੀ ਮੈਂਬਰ ਤੇਜਾ ਸਿੰਘ ਧਾਲੀਵਾਲ, ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ, ਕੁਸਲਦੀਪ ਸਿੰਘਕਿੱਲੀ ਢਿੱਲੋਂ, ਕੇਪੀਐਸ ਬਰਾੜ, ਸੰਤੋਸ ਦੱਤਾ, ਪ੍ਰਭਜੋਤ ਸਿੰਘ, ਮਨਿੰਦਰ ਕੌਰ ਵਿਰਕ, ਅਸੋਕ ਰੌਣੀ, ਆਰਕੇ ਬਾਲੀ, ਅਰਜੁਨ ਐਵਾਰਡੀ ਜਗਜੀਤ ਸਿੰਘ, ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ ਧੀਮਾਨ ਤੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਵੀ ਹਾਜਰ ਸਨ।
ਇਹ ਵੀ ਪੜ੍ਹੋ: ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਬਰਖਾਸਤ
ਇਹ ਵੀ ਪੜ੍ਹੋ: ਸੂਰ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਲਾਲਜੀਤ ਸਿੰਘ ਭੁੱਲਰ
ਸਾਡੇ ਨਾਲ ਜੁੜੋ : Twitter Facebook youtube