India News (ਇੰਡੀਆ ਨਿਊਜ਼), Kisan Aandolan 2.0, ਚੰਡੀਗੜ੍ਹ : ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਦੀ ਸਰਹੱਦਾਂ ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਖਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਦਰਮਿਆਨ ਸਥਿਤੀ ਤਨਾਪੂਰਨ ਬਣੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਵਿੱਚ ਵਿਚਾਲੇ ਕਿਸਾਨਾਂ ਦੇ ਉੱਤੇ ਅੱਥਰੂ ਗੈਸ ਅਤੇ ਪਲਾਸਟਿਕ ਦੀਆਂ ਗੋਲੀਆਂ ਦਾ ਇਸਤੇਮਾਲ ਹੁੰਦਾ ਰਿਹਾ ਹੈ।
ਕਿਸਾਨ ਆਪਣੇ ਜਾਬਤੇ ਵਿੱਚ ਕਾਇਮ
ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਲੈ ਕੇ ਪੁਲਿਸ ਨੇ ਡੱਬਵਾਲੀ ਸਰਹੱਦ ’ਤੇ ਪੱਥਰਾਂ ਦੀਆਂ ਛੇ ਪਰਤਾਂ ਲਗਾ ਦਿੱਤੀਆਂ ਹਨ। ਵਿਚਕਾਰ ਮੇਖ ਵੀ ਲਗਾਏ ਗਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਬੈਰੀਕੇਡਿੰਗ ਕੀਤੀ ਜਾ ਚੁੱਕੀ ਹੈ ਅਤੇ ਇਸ ‘ਤੇ ਕੰਡੇਦਾਰ ਤਾਰਾਂ ਲਗਾ ਦਿੱਤੀਆਂ ਗਈਆਂ ਹਨ। ਬਾਵਜੂਦ ਇਸਦੇ ਕਿਸਾਨ ਆਪਣੇ ਜਾਬਤੇ ਵਿੱਚ ਕਾਇਮ ਹਨ ਤੇ ਦੂਜੇ ਪਾਸੇ ਅੱਛੀ ਖਬਰ ਇਹ ਹੈ ਕਿ ਕਿਸਾਨਾਂ ਅਤੇ ਕੇਂਦਰ ਦਰਮਿਆਨ ਮਾਮਲੇ ਨੂੰ ਸੁਲਝਾਉਣ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ
ਇਸ ਦਰਮਿਆਨ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਪਣਾ ਹੱਕ ਲੈਣ ਲਈ ਦਿੱਲੀ ਕੂਚ ਲਈ ਬਾਜੀਦ ਹਨ। ਹਰਿਆਣਾ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦਾ ਅੱਜ ਅੰਦੋਲਨ ਦਾ ਛੇਵਾਂ ਦਿਨ ਹੈ ਤੇ ਚੌਥੇ ਗੇੜ ਦੀ ਮੀਟਿੰਗ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਤੀ ਕਿਸਾਨ ਦੀ ਆਮਦਨ ਪ੍ਰਤੀ ਦਿਨ ਮਹਿਜ਼ 27 ਰੁਪਏ ਹੈ। ਕਿਸਾਨ 27 ਰੁਪਏ ਵਿੱਚ ਗੁਜ਼ਾਰਾ ਕਰਦਾ ਹੈ। ਖੇਤੀ ਦੀ ਲਾਗਤ ਕਾਫੀ ਜ਼ਿਆਦਾ ਹੈ।
19 ਫਰਵਰੀ ਰਾਤ 12 ਵਜੇ ਤੱਕ ਇੰਟਰਨੈੱਟ ‘ਤੇ ਪਾਬੰਦੀ
ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਇੰਟਰਨੈਟ ਉੱਤੇ ਪਾਬੰਦੀ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਪਾਬੰਦੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਹੁਣ 19 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈੱਟ ‘ਤੇ ਪਾਬੰਦੀ ਰਹੇਗੀ। ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ‘ਚ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਇਹ ਹੁਕਮ ਗ੍ਰਹਿ ਸਕੱਤਰ ਵੱਲੋਂ ਜਾਰੀ ਕੀਤੇ ਗਏ ਹਨ। ਜਦੋਂ ਕਿ ਪੰਜਾਬ ਦੇ ਹਰਿਆਣਾ ਨਾਲ ਜੁੜੇ ਸਰਹੱਦੀ ਇਲਾਕਿਆਂ ਨਾਲ ਵੀ ਇੰਟਰਨੈਟ ਸੇਵਾ ਪ੍ਰਭਾਵਿਤ ਹੋ ਰਹੀ ਹੈ।