- ਸਰਹੱਦੀ ਖੇਤਰ ਦੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਲਈ ਕੇਂਦਰੀ ਸੜਕ ਫੰਡ ਤਹਿਤ ਮਿਲੀ ਮੰਨਜੂਰੀ
- ਅਜਨਾਲਾ, ਆਵਾਨ, ਗੱਗੋਵਾਲ ਅਤੇ ਥੋਬਾ ਵਿਚਲੀਆਂ ਸੜਕਾਂ ਨੂੰ ਮੁੜ ਵਿਕਸਿਤ ਕਰਨ ਲਈ ਮੰਨਜੂਰੀ
ਚੰਡੀਗੜ੍ਹ / ਨਵੀਂ ਦਿੱਲੀ, PUNJAB NEWS (Meeting with Union Road Transport Minister Nitin Gadkari): ਪੰਜਾਬ ਦੇ ਸਰਹੱਦੀ ਖੇਤਰ ਵਿਚ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਲੈ ਕੇ ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਮਾਮਲਿਆਂ ਅਤੇ ਖੇਤੀਬਾੜ੍ਹੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਸਥਾਨਕ ਟ੍ਰਾਂਸਪੋਰਟ ਭਵਨ ਵਿਖੇ ਅਹਿਮ ਮੀਟਿੰਗ ਕੀਤੀ ਗਈ।
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਅਤੇ ਅਪਗਰੇਡੇਸ਼ਨ ਲਈ ਮੰਨਜ਼ੂਰੀ
ਮੀਟਿੰਗ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਅਤੇ ਅਪਗਰੇਡੇਸ਼ਨ ਲਈ ਮੰਨਜ਼ੂਰੀ ਦੇ ਦਿੱਤੀ ਗਈ ਹੈ।
ਦੋਵਾਂ ਸੜਕਾਂ ਦੇ ਵਿਕਸਿਤ ਨਾ ਹੋਣ ਕਾਰਨ ਇਸ ਇਲਾਕੇ ਦੇ ਕਰੀਬ 100 ਪਿੰਡਾਂ ਦਾ ਵਿਕਾਸ ਰੁਕਿਆ
ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਧੁੱਸੀ ਬੰਨ ਨਜ਼ਦੀਕ ਤੋਂ ਘੋਨੇਵਾਲਾ ਰਾਮਦਾਸ ਰੋਡ਼ ਤੋਂ ਗੁਲਗੜ ਸੜਕ ਦੇ ਨਿਰਮਾਣ ਅਤੇ ਸਰਹੱਦੀ ਬਲਾਕ ਅਜਨਾਲਾ ਵਿਚ ਅਜਨਾਲਾ-ਫਤਿਹਗੜ੍ਹ ਚੂੜੀਆਂ-ਰਾਮਦਾਸ ਸੜਕ ਨੂੰ ਵਿਕਸਿਤ ਕਰਨ ਦੇ ਪ੍ਰਾਜੈਕਟਾਂ ਨੂੰ ਕੇਂਦਰੀ ਰੋਡ ਫੰਡ (ਸੀ.ਆਰ.ਐਫ) ਤਹਿਤ ਮੰਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਦੋਵਾਂ ਸੜਕਾਂ ਦੇ ਵਿਕਸਿਤ ਨਾ ਹੋਣ ਕਾਰਨ ਇਸ ਇਲਾਕੇ ਦੇ ਕਰੀਬ 100 ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਨੇਪਰੇ ਚੜਨ ਨਾਲ ਇਸ ਇਲਾਕੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਉਸਾਰੂ ਮਾਹੌਲ ਵਿਚ ਹੋਈ ਇਸ ਮੀਟਿੰਗ ਵਿਚ ਗਡਕਰੀ ਵੱਲੋਂ ਅਜਨਾਲਾ ਸ਼ਹਿਰ ਅਤੇ ਤਿੰਨ ਪਿੰਡਾਂ ਆਵਾਨ, ਗੱਗੋਵਾਲ ਅਤੇ ਥੋਬਾ ਵਿਚਲੀਆਂ ਸੜਕਾਂ ਨੂੰ ਵੀ ਰੀਹੈਬਲੀਟੇਸ਼ਨ ਤਹਿਤ ਵਿਕਸਿਤ ਕਰਨ ਲਈ ਮੰਨਜ਼ੂਰੀ ਦੇ ਦਿੱਤੀ ਗਈ ਹੈ ਜਿਸਦੇ ਫੰਡ ਹਫਤੇ ਦੇ ਅੰਦਰ-ਅੰਦਰ ਜਾਰੀ ਕਰਨ ਸਬੰਧੀ ਗਡਕਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਡਕਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੂਬੇ ਦੀਆਂ ਹੋਰ ਸੜਕਾਂ ਨੂੰ ਵਿਕਸਿਤ ਕਰਨ ਦੇ ਪ੍ਰਾਜੈਕਟਾਂ ਨੂੰ ਵੀ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇਗਾ।
ਫੰਡ ਹਫਤੇ ਦੇ ਅੰਦਰ-ਅੰਦਰ ਜਾਰੀ ਕਰਨ ਸਬੰਧੀ ਗਡਕਰੀ ਵੱਲੋਂ ਭਰੋਸਾ ਦਿੱਤਾ
ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜੇ ਛੁਡਾਉਣ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਧਾਲੀਵਾਲ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ 9 ਹਜ਼ਾਰ 53 ਏਕੜ ਜ਼ਮੀਨਾਂ ਤੋਂ ਕਬਜੇ ਛੁਡਵਾਏ ਜਾ ਚੁਕੇ ਹਨ ਅਤੇ ਆਉਂਦੇ ਸਮੇਂ ਵਿਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।
ਵਿਰੋਧੀ ਧਿਰਾਂ ਵੱਲੋਂ ਇਸ ਮੁਹਿੰਮ ਸਬੰਧੀ ਕੀਤੀ ਜਾ ਰਹੀ ਆਲੋਚਨਾ ਬਾਰੇ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਇਹ ਕਬਜੇ ਹੋਏ ਹਨ ਅਤੇ ਇਨ੍ਹਾਂ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਸਮੇਂ ਇਸ ਖੇਤਰ ਵਿਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੀ ਅਸਫਲਤਾ ਤੇ ਪਰਦਾ ਪਾਉਣ ਲਈ ਹੀ ਬੇਬੁਨਿਆਦ ਆਲੋਚਨਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ
ਸਾਡੇ ਨਾਲ ਜੁੜੋ : Twitter Facebook youtube