India News (ਇੰਡੀਆ ਨਿਊਜ਼), Laljit Singh Bhullar, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਚਾਇਤੀ ਜ਼ਮੀਨਾਂ ਦਾ ਇਕ-ਇਕ ਇੰਚ ਨਜਾਇਜ਼ ਕਬਜ਼ਿਆਂ ਤੋਂ ਖਾਲੀ ਕਰਵਾਉਣ ਦੇ ਨਿਰਦੇਸ਼ ਹਨ। ਇਹਨਾਂ ਨਿਰਦੇਸ਼ਾਂ ਦੀ ਪਾਲਣਾ ਦੇ ਸਿਲਸਿਲੇ ਵਿੱਚ ਅੱਜ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਡੇਰਾਬਸੀ ਬਲਾਕ ਦੇ ਪਿੰਡ ਸੁੰਡਰਾਂ ਵਿਖੇ ਪਹੁੰਚੇ। ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਵੱਲੋਂ 100 ਏਕੜ ਪੰਚਾਇਤੀ ਜ਼ਮੀਨ ਨਜਾਇਜ਼ ਕਬਜ਼ੇ ਹੇਠੋਂ ਖੁਦ ਟ੍ਰੈਕਟਰ ਚਲਾ ਕੇ ਛੁਡਵਾਈ ਗਈ।
ਬਾਜ਼ਾਰੀ ਕੀਮਤ 100 ਕਰੋੜ ਰੁਪਏ
ਨਿਕਾਸੀ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 100 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ‘ਤੇ ਵਸਨੀਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਰਿਹਾਇਸ਼ੀ ਅਤੇ ਉਦਯੋਗਿਕ ਖੇਤਰਾਂ ਵਿੱਚ ਆਉਂਦੀ ਹੈ ਅਤੇ ਇਸਦੀ ਬਾਜ਼ਾਰੀ ਕੀਮਤ 100 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਬਾਕੀ ਦੀ 12 ਏਕੜ ਜ਼ਮੀਨ ਅਦਾਲਤੀ ਸਟੇਅ ਅਧੀਨ ਹੈ ਅਤੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਵਿਭਾਗ ਦਾ ਹੱਕ ਵਾਪਸ ਦਿਵਾਉਣ ਲਈ ਇਸ ਕੇਸ ਦੀ ਜ਼ੋਰਦਾਰ ਪੈਰਵੀ ਕਰਨ।
ਪੰਚਾਇਤ ਦੀ ਆਮਦਨ’ ਚ ਵਾਧਾ
ਪੰਚਾਇਤ ਮੰਤਰੀ (Laljit Singh Bhullar)ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਵਿੱਚ ਕਬਜ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਅਤੇ ਹੁਣ ਤੱਕ ਕੁੱਲ 12100 ਏਕੜ ਜ਼ਮੀਨ ਨਜਾਇਜ਼ ਕਬਜ਼ਿਆਂ ਤੋਂ ਵਾਪਸ ਲੈ ਕੇ ਸਬੰਧਤ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ ਹੈ। ਤਾਂ ਜੋ ਇਸ ਨੂੰ ਸਥਾਨਕ ਵਸਨੀਕਾਂ ਨੂੰ ਚਕੌਤੇ ‘ਤੇ ਦੇਣ ਦੇ ਨਾਲ-ਨਾਲ ਪੰਚਾਇਤ ਦੀ ਆਮਦਨ ਵਧਾਈ ਜਾ ਸਕੇ।
ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ
ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ 100 ਫੀਸਦੀ ਖਾਲੀ ਕਰਵਾਉਣ ਤੱਕ ਕਬਜ਼ਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਨਜਾਇਜ਼ ਕਾਬਜ਼ਕਾਰਾਂ ਵੱਲੋਂ ਵੱਖ-ਵੱਖ ਅਦਾਲਤਾਂ ਵਿੱਚ ਦਾਇਰ ਮੁਕੱਦਮਿਆਂ ਦੀ ਵਿਭਾਗ ਦੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਨਿਯਮਤ ਤੌਰ ‘ਤੇ ਪੈਰਵੀ ਕਰਨ।
ਉਨ੍ਹਾਂ ਕੋਲ ਚੱਲ ਰਹੇ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜਿਹੜੇ ਅਧਿਕਾਰੀ ਨਾਜਾਇਜ਼ ਕਬਜ਼ਿਆਂ ਨੂੰ ਕਾਇਮ ਰੱਖਣ ਲਈ ਨਜਾਇਜ਼ ਕਾਬਜ਼ਕਾਰਾਂ ਨਾਲ ਮਿਲੀਭੁਗਤ ਕਰ ਰਹੇ ਹਨ, ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਦੁਬਾਰਾ ਕਬਜ਼ਾ ਕਰਨ ਤੇ ਹੋਵੇਗੀ FIR
ਮੰਤਰੀ ਨੇ ਕਿਹਾ ਕਿ ਕਾਬਜ਼ਕਾਰਾਂ ਤੋਂ ਜ਼ਮੀਨਾਂ ਕਬਜ਼ੇ ਵਿੱਚ ਲੈ ਕੇ ਵਿਭਾਗ ਨੂੰ ਮਾਲੀਏ ਦੇ ਹੋਰ ਸਰੋਤ ਪੈਦਾ ਕਰਨ ਵਿੱਚ ਮਦਦ ਮਿਲੀ ਹੈ। ਵਿਭਾਗ ਵੱਲੋਂ ਕਬਜ਼ਿਆਂ ਵਿਰੁੱਧ ਮੁਹਿੰਮ ਜਾਰੀ ਰੱਖੀ ਜਾਵੇਗੀ। ਕੈਬਨਿਟ ਮੰਤਰੀ ਨੇ ਕਾਬਜ਼ਕਾਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਫਿਰ ਤੋਂ ਖਾਲੀ ਕਰਵਾਈ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਐਫ ਆਈ ਆਰ ਦਰਜ ਕਰਵਾਈ ਜਾਵੇਗੀ।
ਵਿਭਾਗੀ ਅਧਿਕਾਰੀ ਮੌਜੂਦ ਸਨ
ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਸੰਯੁਕਤ ਡਾਇਰੈਕਟਰ (ਸ਼ਾਮਲਤ ਸੈੱਲ) ਜਗਵਿੰਦਰਜੀਤ ਸਿੰਘ ਸੰਧੂ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਏ ਐਸ ਪੀ ਡੇਰਾਬੱਸੀ ਸ੍ਰੀਮਤੀ ਦਰਪਨ ਆਹਲੂਵਾਲੀਆ, ਡੀ ਡੀ ਪੀ ਓ ਅਮਨਿੰਦਰਪਾਲ ਸਿੰਘ ਚੌਹਾਨ, ਬੀ ਡੀ ਪੀ ਓ ਰਵਨੀਤ ਕੌਰ ਅਤੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ :Amritsar Crime : ਅੰਮ੍ਰਿਤਸਰ ਚ ਮਹਿਲਾ ਵੱਲੋਂ ਦਿਓਰ ਨਾਲ ਮਿਲ ਕੇ ਪਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ