ਪੰਜਾਬ ਸਰਕਾਰ ਨੇ ਕੇਂਦਰ ਤੋਂ ਗਾਵਾਂ ਲਈ ਵੈਕਸੀਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ

0
243
Lumpy Skin Disease in Punjab
Lumpy Skin Disease in Punjab
ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੇਂਦਰੀ ਪਸ਼ੂ ਪਾਲਣ ਮੰਤਰੀ ਪਰਸ਼ੋਤਮ ਰੁਪਾਲਾ ਨਾਲ ਬੀਮਾਰੀ ਤੋਂ ਬਚਾਅ ਦੇ ਪ੍ਰਬੰਧਾਂ ਅਤੇ ਵੈਕਸੀਨ ਦੀ ਉਪਲਬਧਤਾ ਬਾਰੇ ਕੀਤੀ ਚਰਚਾ
 ਇੰਡੀਆ ਨਿਊਜ਼, ਚੰਡੀਗੜ੍ਹ (Lumpy Skin Disease in Punjab): ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰ ਸਰਕਾਰ ਤੋਂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬੀਮਾਰੀ ਦੀ ਪ੍ਰਭਾਵੀ ਤਰੀਕੇ ਨਾਲ ਰੋਕਥਾਮ ਲਈ ਸੂਬੇ ਦੀਆਂ ਸਮੂਹ 25 ਲੱਖ ਤੋਂ ਵੱਧ ਗਾਵਾਂ ਲਈ ਗੋਟ ਪੌਕਸ ਦਵਾਈ ਦੀਆਂ ਖ਼ੁਰਾਕਾਂ ਦਾ ਪ੍ਰਬੰਧ ਕਰਨ ਦੀ ਜ਼ੋਰਦਾਰ ਮੰਗ ਰੱਖੀ।
ਪੰਜਾਬ ਭਵਨ ‘ਚ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪਰਸ਼ੋਤਮ ਰੁਪਾਲਾ ਨਾਲ ਲੰਪੀ ਸਕਿਨ ਬੀਮਾਰੀ ਨਾਲ ਬਣੇ ਹਾਲਾਤ, ਸਰਕਾਰ ਵੱਲੋਂ ਬਚਾਅ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਦਵਾਈ ਦੀ ਉਪਲਬਧਤਾ ਸਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੰਘੀ ਸ਼ਾਮ ਤੱਕ ਗੋਟ ਪੌਕਸ ਦਵਾਈ ਦੀਆਂ ਕਰੀਬ 2.05 ਲੱਖ ਖ਼ੁਰਾਕਾਂ ਸਿਹਤਮੰਦ ਪਸ਼ੂਆਂ ਦੇ ਲਗਾਈਆਂ ਜਾ ਚੁੱਕੀਆਂ ਹਨ ਜਦਕਿ ਪੀੜਤ ਪਸ਼ੂਆਂ ਦੀ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ l ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਵੱਖ ਰੱਖਣ ਸਣੇ ਲੋੜੀਂਦੀ ਦਵਾਈ ਅਤੇ ਹੋਰ ਇਹਤਿਆਤ ਯਕੀਨੀ ਬਣਾਏ ਜਾ ਰਹੇ ਹਨ।

ਇਹ ਜਿਲ੍ਹੇ ਜ਼ਿਆਦਾ ਪ੍ਰਭਾਵਿਤ

ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਹ ਬੀਮਾਰੀ ਜ਼ਿਆਦਾਤਰ ਗਾਵਾਂ ਵਿੱਚ ਫੈਲ ਰਹੀ ਹੈ ਅਤੇ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ, ਬਠਿੰਡਾ, ਤਰਨ ਤਾਰਨ, ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਇਸ ਲਾਗ ਦੀ ਬੀਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਭੁੱਲਰ ਨੇ ਕਿਹਾ ਕਿ ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਹੁਤ ਫ਼ਰਕ ਹੋਣ ਕਾਰਨ ਖ਼ਰੀਦ ਕਾਰਜਾਂ ਵਿੱਚ ਸਮੱਸਿਆ ਆ ਰਹੀ ਹੈ। ਇਸ ਲਈ ਕੀਮਤਾਂ ਨੂੰ ਤਰਕਸੰਗਤ ਕੀਤਾ ਜਾਵੇ ਅਤੇ ਲੋੜੀਂਦੀ ਮਾਤਰਾ ਵਿੱਚ ਡੋਜ਼ ਮੁਹੱਈਆ ਕਰਵਾਈ ਜਾਵੇ।

ਕੇਂਦਰੀ ਮੰਤਰੀ ਨੇ ਦਿੱਤਾ ਸਹਿਯੋਗ ਦਾ ਭਰੋਸਾ

ਕੇਂਦਰੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਭਰੋਸਾ ਦਿਵਾਇਆ ਕਿ ਦਵਾਈਆਂ ਦੀਆਂ ਕੀਮਤਾਂ ਤਰਕਸੰਗਤ ਕੀਤੀਆਂ ਜਾਣਗੀਆਂ ਅਤੇ ਸੂਬੇ ਨੂੰ ਲੋੜੀਂਦੀ ਮਾਤਰਾ ਵਿੱਚ ਦਵਾਈ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਰੁਪਾਲਾ ਨੇ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਪ੍ਰਭਾਵਿਤ ਪਸ਼ੂਆਂ ਲਈ ਇਕਾਂਤਵਾਸ ਵਾਰਡ ਬਣਾਏ ਜਾਣ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਬੀਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪੰਜਾਬ ਵਿੱਚ 25.31 ਲੱਖ ਗਾਵਾਂ ਅਤੇ 40.15 ਲੱਖ ਮੱਝਾਂ ਹਨ। ਬੀਮਾਰੀ ਨਾਲ ਹੁਣ ਤੱਕ 74,325 ਪਸ਼ੂਆਂ ਦੇ ਪ੍ਰਭਾਵਿਤ ਹੋਣ ਦਾ ਸ਼ੰਕਾ ਹੈ ਅਤੇ 39,248 ਪਸ਼ੂ ਸਿਹਤਮੰਦ ਹੋਏ ਹਨ ਜਦਕਿ ਸੂਬੇ ਵਿੱਚ ਬੀਮਾਰੀ ਨਾਲ ਹੁਣ ਤੱਕ 3359 ਮੌਤਾਂ ਰਿਪੋਰਟ ਹੋਈਆਂ ਹਨ ਪਰ ਇਹ ਪੁਸ਼ਟੀ ਨਹੀਂ ਹੋਈ ਕਿ ਇਹ ਮੌਤਾਂ ਲੰਪੀ ਸਕਿਨ ਨਾਲ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਹੁਣ ਤੱਕ ਤਿੰਨ ਪੜਾਵਾਂ ਵਿੱਚ ਵੈਕਸੀਨ ਦੀਆਂ ਲਗਭਗ 3.16 ਲੱਖ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ, ਜੋ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੱਕ 2,02,484 ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
SHARE