ਪਸ਼ੂਆਂ ਦੀਆਂ ਦਵਾਈਆਂ ਤੇ ਹੋਰ ਸਾਜ਼ੋ-ਸਾਮਾਨ ਵੱਧ ਕੀਮਤਾਂ ‘ਤੇ ਵੇਚਣ ਵਾਲੇ ਬਾਜ਼ ਆਉਣ: ਭੁੱਲਰ

0
189
Lumpy skin disease, Take serious notice of the trend of profiteering, Vaccination of 2.45 lakh animals
Lumpy skin disease, Take serious notice of the trend of profiteering, Vaccination of 2.45 lakh animals
  • ਲੰਪੀ ਸਕਿਨ ਬੀਮਾਰੀ ਕਾਰਨ ਮੁਨਾਫ਼ਾਖੋਰੀ ਦੇ ਰੁਝਾਨ ਦਾ ਲਿਆ ਗੰਭੀਰ ਨੋਟਿਸ
  • ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਨੂੰ ਪੱਤਰ ਜਾਰੀ ਕਰਕੇ ਤੁਰੰਤ ਕਾਰਵਾਈ ਦੇ ਨਿਰਦੇਸ਼
  • ਹੁਣ ਤੱਕ ਕਰੀਬ 2.45 ਲੱਖ ਪਸ਼ੂਆਂ ਦਾ ਹੋਇਆ ਟੀਕਾਕਰਨ: ਪ੍ਰਮੁੱਖ ਸਕੱਤਰ

ਚੰਡੀਗੜ੍ਹ, PUNJAB NEWS: ਲੰਪੀ ਸਕਿਨ ਬੀਮਾਰੀ ਕਾਰਨ ਬਣੇ ਹਾਲਤਾਂ ਦੇ ਦਰਮਿਆਨ ਪਸ਼ੂਆਂ ਦੀਆਂ ਦਵਾਈਆਂ, ਵੈਕਸੀਨ ਅਤੇ ਹੋਰ ਸਾਜ਼ੋ-ਸਾਮਾਨ ਵੱਧ ਕੀਮਤਾਂ ‘ਤੇ ਵੇਚਣ ਦਾ ਗੰਭੀਰ ਨੋਟਿਸ ਲੈਂਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਜਿਹੇ ਦੁਕਾਨਦਾਰਾਂ ਨੂੰ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਹੈ।

 

 

ਇਥੇ ਜਾਰੀ ਬਿਆਨ ਵਿੱਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਵਿੱਚ ਫੈਲ ਰਹੀ ਲੰਪੀ ਸਕਿਨ ਬੀਮਾਰੀ ਕਾਰਨ ਕੁੱਝ ਦਵਾਈ ਵਿਕਰੇਤਾ ਦਵਾਈਆਂ, ਵੈਕਸੀਨ ਅਤੇ ਹੋਰ ਸਾਜ਼ੋ-ਸਾਮਾਨ ਤੈਅਸ਼ੁਦਾ ਕੀਮਤਾਂ ਤੋਂ ਵੱਧ ਕੀਮਤਾਂ ‘ਤੇ ਵੇਚ ਕੇ ਪਸ਼ੂਪਾਲਕਾਂ ਅਤੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ।

 

ਅਜਿਹੇ ਦੁਕਾਨਦਾਰਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼

 

ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਅਤੇ ਵਿਭਾਗ ਦੇ ਜ਼ਿਲ੍ਹਿਆਂ ਵਿੱਚ ਤੈਨਾਤ ਡਿਪਟੀ ਡਾਇਰੈਕਟਰਾਂ ਨੂੰ ਪੱਤਰ ਜਾਰੀ ਕਰਕੇ ਅਜਿਹੇ ਦੁਕਾਨਦਾਰਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੱਗ ਇੰਸਪੈਕਟਰਾਂ ਨਾਲ ਤਾਲਮੇਲ ਕਰਕੇ ਦਵਾਈ ਵਿਕਰੇਤਾਵਾਂ ਵੱਲੋਂ ਵੱਧ ਕੀਮਤਾਂ ‘ਤੇ ਦਵਾਈਆਂ ਆਦਿ ਵੇਚਣ ਦੇ ਰੁਝਾਨ ਨੂੰ ਤੁਰੰਤ ਠੱਲ੍ਹ ਪਾਈ ਜਾਵੇ ਅਤੇ ਜੇਕਰ ਅਜਿਹੀ ਕੋਈ ਸ਼ਿਕਾਇਤ ਧਿਆਨ ਵਿੱਚ ਆਉਂਦੀ ਹੈ ਤਾਂ ਉਸ ‘ਤੇ ਤੁਰੰਤ ਪੜਤਾਲ ਕਰਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

 

 

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਆਫ਼ਤ ਦੀ ਘੜੀ ਵਿੱਚ ਸਾਨੂੰ ਮਨੁੱਖਤਾ ਦੇ ਤੌਰ ‘ਤੇ ਪਸ਼ੂਪਾਲਕਾਂ ਅਤੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਅਜਿਹੇ ਅਨਸਰ ਨੂੰ ਨੱਥ ਪਾਉਣ ਲਈ ਵਚਨਬੱਧ ਹੈ, ਜੋ ਗ਼ੈਰ-ਸਮਾਜਿਕ ਗਤੀਵਿਧੀਆਂ ਵਿੱਚ ਗ਼ਲਤਾਨ ਹੈ।

 

ਪਸ਼ੂ ਵਿਭਾਗ ਕੋਲ ਹੁਣ ਤੱਕ ਕਰੀਬ 3.60 ਲੱਖ ਡੋਜ਼ ਪਹੁੰਚ ਚੁੱਕੀਆਂ

 

ਇਸੇ ਦੌਰਾਨ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਕੋਲ ਅੱਜ ਗੋਟ ਪੌਕਸ ਦਵਾਈ ਦੀਆਂ 43,000 ਹੋਰ ਡੋਜ਼ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਨੂੰ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਵਿਭਾਗ ਕੋਲ ਹੁਣ ਤੱਕ ਕਰੀਬ 3.60 ਲੱਖ ਡੋਜ਼ ਪਹੁੰਚ ਚੁੱਕੀਆਂ ਹਨ।

 

 

ਵਿਕਾਸ ਪ੍ਰਤਾਪ ਨੇ ਦੱਸਿਆ ਕਿ ਅੱਜ ਤੱਕ ਕਰੀਬ 2.45 ਲੱਖ ਪਸ਼ੂਆਂ ਨੂੰ ਦਵਾਈ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਨੇ ਸਮੂਹ ਡਿਪਟੀ ਡਾਇਰੈਕਟਰਾਂ ਨਾਲ ਮੀਟਿੰਗ ਕਰਕੇ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ ਹੈ।

 

 

 

ਇਹ ਵੀ ਪੜ੍ਹੋ: ਸਰਕਾਰ ਨੇ 5 ਮਹੀਨਿਆਂ ਦੌਰਾਨ ਇਤਿਹਾਸਕ ਫੈਸਲੇ ਲਏ : ਹਰਪਾਲ ਚੀਮਾ

ਇਹ ਵੀ ਪੜ੍ਹੋ: ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਇਹ ਵੀ ਪੜ੍ਹੋ: 72,000 ਏਕੜ ਰਕਬੇ ਵਿੱਚ ਸਿੰਜਾਈ ਸਹੂਲਤਾਂ ਹੋਣਗੀਆਂ ਬਿਹਤਰ: ਡਾ. ਨਿੱਝਰ

ਸਾਡੇ ਨਾਲ ਜੁੜੋ :  Twitter Facebook youtube

SHARE