ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਵਿਛੋੜਾ ਵੱਡਾ ਦਰਦ ਦੇ ਗਿਆ : ਪ੍ਰੋ. ਗਿੱਲ

0
259
Memories of Ghazal singer Bhupinder Singh
Memories of Ghazal singer Bhupinder Singh

ਦਿਨੇਸ਼ ਮੌਦਗਿਲ, Ludhiana News (Memories of Ghazal singer Bhupinder Singh) : ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਉਹ ਪੱਕਾ ਭਾਊ ਹੈ, ਅੰਬਰਸਰੀਆ। ਖ਼ਾਲਸਾ ਕਾਲਿਜ ਅੰਮ੍ਰਿਤਸਰ ਦਾ ਪੜ੍ਹਿਆ ਹੋਇਆ। 24 ਕੈਰਿਟ ਸ਼ੁੱਧ ਟਕਸਾਲੀ ਗਾਇਕ। ਵੀਹ ਪੱਚੀ ਕੁ ਸਾਲ ਪਹਿਲਾਂ ਉਸ ਵੱਡੇ ਵੀਰ ਨਾਲ ਸਾਰਥਕ ਮਿਊਜ਼ਿਕ ਵਾਲੇ ਭੁਪਿੰਦਰ ਸਿੰਘ ਨਾਲ ਮੁਲਾਕਾਤ ਹੋਈ । ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਸੰਗੀਤ ਦਰਬਾਰ ਵਿੱਚ। ਮੈਂ ਹਿੰਦੀ ਚ ਗੱਲ ਕਰਨੀ ਚਾਹੀ, ਇਹ ਸਮਝ ਕੇ ਕਿ ਉਹ ਕੋਈ ਗੈਰ ਪੰਜਾਬੀ ਹੈ। ਭੁਪਿੰਦਰ ਵੀਰ ਨੇ ਸ਼ੁੱਧ ਮਾਝੇ ਦੀ ਜ਼ਬਾਨ ਚ ਉੱਤਰ ਮੋੜਿਆ, ਭਾਅ ਕੀ ਹੋ ਗਿਆ, ਮੇਰਾ ਪੰਜਾਬ ਮੇਰੇ ਨਾਲ ਹੁਣ ਹਿੰਦੀ ਚ ਗੱਲ ਕਰੂ?

ਜਦੋਂ ਉਸ ਘੁੱਟ ਕੇ ਗਲਵੱਕੜੀ ਚ ਲੈ ਲਿਆ

ਮੈਂ ਛਿੱਥਾ ਪੈ ਗਿਆ। ਮੈਂ ਦੱਸਿਆ ਕਿ ਮੈਂ ਵੀ ਬਟਾਲੇ ਨੇੜਿਉਂ ਹਾਂ ਬਸੰਤਕੋਟ ਤੋਂ। ਉਸ ਘੁੱਟ ਕੇ ਗਲਵੱਕੜੀ ਚ ਲੈ ਲਿਆ ਤੇ ਬੋਲਿਆ, ਭਾਅ ਸ਼ਿਵ ਕੁਮਾਰ ਦਾ ਗਿਰਾਈਂ? ਹੈਂ ਨਾ। ਮੈਂ ਹਾਮੀ ਭਰੀ ਤਾਂ ਉਹ ਖਿੜ ਗਿਆ। ਭੁਪਿੰਦਰ ਸਿੰਘ ਗ਼ਜ਼ਲ ਗਾਇਕ ਜਗਜੀਤ ਸਿੰਘ ਤੋਂ ਵੀ ਪਹਿਲਾਂ ਬੰਬਈ ਵਿੱਚ ਸੰਘਰਸ਼ ਕਰ ਰਿਹਾ ਸੀ। ਉਹ ਭੂਪੇਂਦਰ ਦੇ ਨਾਮ ਨਾਲ ਮਸ਼ਹੂਰ ਹੋਇਆ।

ਗੱਲਾਂ ਗੱਲਾਂ ਚ ਉਸ ਦੱਸਿਆ ਕਿ ਉਹ ਸ਼ਿਵ ਕੁਮਾਰ ਦੀ ਅਮਰ ਰਚਨਾ ਲੂਣਾ ਦਾ ਚੋਣਵਾਂ ਗਾਇਨ ਰੀਕਾਰਡ ਕਰਵਾ ਰਿਹੈ, ਜੀਵਨ ਸਾਥਣ ਮਿਤਾਲੀ ਸਿੰਘ ਨਾਲ ਮਿਲ ਕੇ। ਕੁਝ ਚਿਰ ਬਾਦ ਉਹ ਸੀਡੀ ਆ ਗਈ ਸੀ। ਹੁਣ ਯੂ ਟਿਊਬ ਚ ਲੱਭ ਜਾਂਦੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਿਵ ਕੁਮਾਰ ਦਾ ਜਵਾਨੀ ਵੇਲੇ ਨੇੜੂ ਵੀ ਸੀ। ਉਸ ਨਾਲ ਇਕਰਾਰ ਸੀ ਕਿ ਕਦੇ ਮੈਂ ਵੀ ਲੂਣਾ ਗਾਵਾਂਗਾ। ਗਾ ਕੇ ਇਕਰਾਰ ਪੂਰਾ ਕੀਤਾ ਹੈ, ਮੁਹੱਬਤ ਦਾ ਅਣਲਿਖਿਆ ਇਕਰਾਰਨਾਮਾ।

ਹਿੰਦੀ ਫ਼ਿਲਮਾਂ ਚ ਬਹੁਤ ਯਾਦਗਾਰੀ ਗੀਤ ਤੇ ਗ਼ਜ਼ਲਾਂ ਗਾਈਆਂ

ਭੁਪਿੰਦਰ ਸਿੰਘ ਨੇ ਹਿੰਦੀ ਫ਼ਿਲਮਾਂ ਚ ਬਹੁਤ ਯਾਦਗਾਰੀ ਗੀਤ ਤੇ ਗ਼ਜ਼ਲਾਂ ਗਾਈਆਂ। ਉਸ ਦੀ ਆਵਾਜ਼ ਵਿੱਚ ਧਰਤੀ ਦੀ ਹੂਕ ਸੀ ਤੇ ਅੰਬਰ ਦੀ ਗੂੰਜ। ਉਹ ਮੁਕੰਮਲ ਗਾਇਕ ਸੀ ਪਰ ਆਪਣੀਆਂ ਸ਼ਰਤਾਂ ਤੇ ਕੰਮ ਕਰਨ ਵਾਲਾ। ਕਿਸੇ ਦੀ ਅਧੀਨਗੀ 82 ਸਾਲ ਦੀ ਉਮਰ ਤੀਕ ਪ੍ਰਵਾਨ ਨਹੀਂ ਕੀਤੀ। ਸਿਦਕ ਸਵਾਸਾਂ ਨਾਲ ਨਿਭਾਇਆ ਵੱਡੇ ਵੀਰ ਨੇ।
ਉਸ ਦੇ ਗਾਏ ਇਹ ਬੋਲ ਰੂਹ ਚ ਗੂੰਜ ਰਹੇ ਨੇ।
ਮੇਰੀ ਆਵਾਜ਼ ਹੀ ਮੇਰੀ ਪਹਿਚਾਨ ਹੈ
ਗਰ ਯਾਦ ਰਹੇ।
ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ

ਹੋ ਕੇ ਮਜਬੂਰ ਮੁਝੇ ਉਸਨੇ ਭੁਲਾਇਆ ਹੋਗਾ।
ਅੱਜ ਦਿਨ ਚੜ੍ਹਦੇ ਸਾਰ ਉਸ ਦੇ ਸਦੀਵੀ ਵਿਛੋੜੇ ਦੀ ਖ਼ਬਰ ਮਿਲੀ ਤਾਂ ਲੱਗਿਆ ਕਿ ਆਹ ਕੀ?

ਵੱਡੇ ਵੀਰ ਨਾਲ ਵੀਹ ਪੱਚੀ ਸਾਲ ਪਹਿਲਾਂ ਖਿਚਵਾਈ ਇਹ ਤਸਵੀਰ ਅੱਜ ਮੈਨੂੰ ਬਹੁਤ ਉਦਾਸ ਕਰ ਗਈ ਹੈ।
ਵੱਡੇ ਭਰਾ ਨੂੰ ਸਲਾਮ!

ਇਹ ਵੀ ਪੜ੍ਹੋ: ਮਹਾਨ ਗਾਇਕ ਭੁਪਿੰਦਰ ਸਿੰਘ ਦਾ 82 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਸਾਡੇ ਨਾਲ ਜੁੜੋ : Twitter Facebook youtube

SHARE