ਦਿਨੇਸ਼ ਮੌਦਗਿਲ, ਲੁਧਿਆਣਾ (Mission Green Ludhiana): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਐਨ.ਜੀ.ਓ. ਸਿਟੀ ਨੀਡਜ਼ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਮੁਫ਼ਤ ਬੂਟੇ ਵੰਡ ਕੇ ਮਿਸ਼ਨ ‘ਹਰਾ ਭਰਾ ਲੁਧਿਆਣਾ’ ਦੀ ਸ਼ੁਰੂਆਤ ਕੀਤੀ ਗਈ ਹੈ। ਹਰਿਆਲੀ ਵੈਨ (ਮੋਬਾਇਲ ਟ੍ਰੀ ਏ.ਟੀ.ਐਮ.) ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਲੋਕ ਮੁਫਤ ਬੂਟੇ ਲੈਣ ਅਤੇ ਪਲਾਂਟੇਸ਼ਨ ਲਈ ਮੋਬਾਇਲ ਨੰਬਰ 82890-66979 ‘ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਵੈਬਸਾਈਟ www.cityneeds.info ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਿਸਡ ਕਾਲ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਫੋਨ ‘ਤੇ ਲਿੰਕ ਮਿਲੇਗਾ ਅਤੇ ਉਹ ਬੂਟਿਆਂ ਦੀ ਗਿਣਤੀ, ਆਪਣੀ ਪਸੰਦ ਦੇ ਬੂਟੇ ਅਤੇ ਆਪਣਾ ਪੂਰਾ ਪਤਾ ਦੱਸ ਕੇ ਆਨਲਾਈਨ ਫਾਰਮ ਭਰ ਸਕਦੇ ਹਨ।
ਘਰ-ਘਰ ਬੂਟੇ ਪਹੁੰਚਾਏ ਜਾਣਗੇ
ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਐਨ.ਜੀ.ਓ. ਵੱਲੋਂ ਮੋਬਾਇਲ ਟ੍ਰੀ ਏ.ਟੀ.ਐਮ. (ਹਰਿਆਲੀ ਵੈਨ) ਰਾਹੀਂ ਮਿਸਡ ਕਾਲ ਕਰਨ ਵਾਲੇ ਵਸਨੀਕਾਂ ਦੇ ਘਰ-ਘਰ ਬੂਟੇ ਪਹੁੰਚਾਏ ਜਾਣਗੇ। ਉਨ੍ਹਾਂ ਕਿਹਾ ਕਿ ਬਾਅਦ ਵਿੱਚ, ਪ੍ਰਸ਼ਾਸਨ ਦੀ ਟੀਮ ਜਿਸ ਵਿੱਚ ਜੰਗਲਾਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਸਥਾਨਕ ਐਨਜੀਓ ਸਿਟੀਨਡਜ਼ ਦੇ ਸਹਿਯੋਗ ਨਾਲ ਘਰਾਂ ਵਿੱਚ ਬੂਟੇ ਸਪਲਾਈ ਕਰਨਗੇ। ਇਸ ਤੋਂ ਇਲਾਵਾ ਉਹ ਬੂਟੇ ਲਗਾਉਣ ਲਈ ਉਨ੍ਹਾਂ ਨੂੰ ਸਹਿਯੋਗ ਦੀ ਪੇਸ਼ਕਸ਼ ਵੀ ਕਰਨਗੇ।
ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ ਦੇ ਨਾਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਧਰਤੀ ਮਾਂ ਦੀ ਤੰਦਰੁਸਤੀ ਲਈ ਯੋਗਦਾਨ ਪਾਉਣਾ ਹਰੇਕ ਨਾਗਰਿਕ ਦਾ ਫਰਜ਼ ਹੈ ਅਤੇ ਇਸ ਬੂਟੇ ਲਗਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਕਿਹਾ ਅਤੇ ਇਸ ਦੀ ਸ਼ੁਰੂਆਤ ਆਪਣੇ ਘਰਾਂ ਦੇ ਨੇੜੇ ਇੱਕ ਬੂਟਾ ਲਗਾਉਣ ਨਾਲ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਮੁਫਤ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਐਨ.ਜੀ.ਓ. ‘ਲੈਟਸ ਕਲੀਨ ਲੁਧਿਆਣਾ ਫਾਊਂਡੇਸ਼ਨ ਤੋਂ ਮ੍ਰਿਦੁਲਾ ਜੈਨ, ਐਕਟ ਹਿਊਮਨ ਤੋਂ ਹਰਲੀਨ, ਮਾਰਸ਼ਲ ਏਡ ਫਾਊਂਡੇਸ਼ਨ ਤੋਂ ਪ੍ਰਤੀਕ ਵਰਮਾ ਅਤੇ ਮਨਦੀਪ, ਸਿਟੀ ਨੀਡਜ ਤੋਂ ਮਨੀਤ ਦਿਵਾਨ ਅਤੇ ਸੱਤਪਾਲ, ਸਮਾਲ ਆਈਡੀਆਜ, ਗ੍ਰੇਟ ਆਈਡੀਆਜ ਤੋਂ ਡਾ. ਐਸ.ਬੀ. ਪਾਂਧੀ ਸਮੇਤ ਹੋਰ ਗੈਰ ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ ਦੋ ਕਾਬੂ
ਇਹ ਵੀ ਪੜ੍ਹੋ: ਸੂਬੇ ਵਿੱਚ ਨਵੀਂ ਖੇਡ ਨੀਤੀ ਬਣੇਗੀ : ਮੀਤ ਹੇਅਰ
ਸਾਡੇ ਨਾਲ ਜੁੜੋ : Twitter Facebook youtube