Mother Language Day : ਭਾਸ਼ਾ ਵਿਭਾਗ, ਮੋਹਾਲੀ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ

0
71
Mother Language Day

India News (ਇੰਡੀਆ ਨਿਊਜ਼), Mother Language Day, ਚੰਡੀਗੜ੍ਹ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਮੌਕੇ ’ਤੇ ਅਹਿਦ ਸਮਾਗਮ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਐੱਸ.ਕੇ.ਅਗਰਵਾਲ (ਪ੍ਰਧਾਨ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਐੱਸ.ਏ.ਐੱਸ.ਨਗਰ) ਸਨ।

ਸਮਾਗਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਅਤੇ ਮੁੱਖ ਬੁਲਾਰੇ ਵਜੋਂ ਡਾ. ਹਰਜੀਤ ਸਿੰਘ (ਡੀ.ਏ.ਵੀ. ਕਾਲਜ, ਸੈਕਟਰ-10, ਚੰਡੀਗੜ੍ਹ) ਅਤੇ ਜਗਤਾਰ ਸਿੰਘ ਸੋਖੀ (ਉੱਘੇ ਅੱਖਰਕਾਰ) ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਇਸ ਮੁਕੱਦਸ ਦਿਹਾੜੇ ’ਤੇ ਪੰਜਾਬੀ ਭਾਸ਼ਾ ਦੀ ਸਥਿਤੀ, ਚੁਣੌਤੀਆਂ ਦੇ ਪਰਿਪੇਖ ’ਚ ਗੱਲ ਕਰਦਿਆਂ ਸਮੁੱਚੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ ਗਈ।

ਭਾਸ਼ਾ ਪ੍ਰਤੀ ਚੇਤਨਾ ਦਾ ਮਸਲਾ ਬੁਨਿਆਦੀ ਮਸਲਾ

ਸਮਾਗਮ ਦੀ ਸ਼ੁਰੂਆਤ “ਪੰਜਾਬੀ ਮਾਂ-ਬੋਲੀ ਲਈ ਅਹਿਦ” ਲੈ ਕੇ ਕੀਤੀ ਗਈ। ਇਸ ਉਪਰੰਤ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਲਿਖੀ ਗਈ ਪੁਸਤਕ ‘ਪਾਣੀਆਂ ਦੀ ਧਰਤੀ: ਕੈਨੇਡਾ’ ਨੂੰ ਸਮੂਹ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਸਰਬਜੀਤ ਸਿੰਘ ਵੱਲੋਂ ਮਾਤ ਭਾਸ਼ਾ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਭਾਸ਼ਾ ਪ੍ਰਤੀ ਚੇਤਨਾ ਦਾ ਮਸਲਾ ਬੁਨਿਆਦੀ ਮਸਲਾ ਹੈ।

ਉਹਨਾਂ ਇਹ ਵੀ ਆਖਿਆ ਕਿ ਜਦੋਂ ਤੱਕ ਕੋਈ ਵੀ ਭਾਸ਼ਾ ਗਿਆਨ, ਵਿਗਿਆਨ, ਸਿੱਖਿਆ ਤੇ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉਸਦਾ ਜਿਊਂਦਾ ਰਹਿਣਾ ਸੰਭਵ ਨਹੀਂ ਹੈ। ਐੱਸ.ਕੇ.ਅਗਰਵਾਲ (ਸਾਬਕਾ ਜੱਜ) ਵੱਲੋਂ ਰਾਜ ਭਾਸ਼ਾ ਐਕਟ ਤੇ ਗੱਲ ਕਰਦਿਆਂ ਕਿਹਾ ਗਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਾਤ-ਭਾਸ਼ਾ ਪੰਜਾਬੀ ਨੂੰ ਪਹਿਲ ਦਿੰਦਿਆਂ ਬਹੁਤ ਕੁਝ ਹਾਸਿਲ ਕੀਤਾ ਹੈ। ਉਹਨਾਂ ਸਵਾਮੀ ਵਿਵੇਕਾਨੰਦ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਸਾਨੂੰ ਸਭ ਨੂੰ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਦੂਜਿਆਂ ਦੀ ਮਾਤ-ਭਾਸ਼ਾ ਨੂੰ ਵੀ ਸਤਿਕਾਰ ਦੇਣਾ ਚਾਹੀਦਾ ਹੈ।

ਡਾ. ਹਰਜੀਤ ਸਿੰਘ ਵੱਲੋਂ ‘ਪੰਜਾਬੀ ਭਾਸ਼ਾ ਅਤੇ ਮਸ਼ੀਨੀ ਬੁੱਧੀਮਾਨਤਾ’ਤੇ ਗੱਲ ਕਰਦਿਆਂ ਆਖਿਆ ਕਿ ਮਸਨੂਈ ਬੁੱਧੀ ਕਿਵੇਂ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਜ਼ਰੂਰੀ ਹਿੱਸਾ ਬਣ ਜਾਵੇਗੀ ਅਤੇ ਸਮੇਂ ਦੇ ਹਾਣ ਦਾ ਬਣਨ ਲਈ ਸਾਨੂੰ ਮਸ਼ੀਨੀ ਬੁੱਧੀਮਾਨਤਾ ਦੇ ਮੰਚ ਤੇ ਪੰਜਾਬੀ ਭਾਸ਼ਾ ਲਈ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ ਹੈ।

ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ

ਜਗਤਾਰ ਸਿੰਘ ਸੋਖੀ ਵੱਲੋਂ ਪੰਜਾਬੀ ਅੱਖਰਕਾਰੀ ਅਤੇ ਸੁੰਦਰ ਲਿਖਾਈ ਵਿਚ ਫ਼ਰਕ ਕਰਦੇ ਹੋਏ ਕਿਹਾ ਕਿ ਜਦੋਂ ਕਿਸੇ ਅੱਖਰਕਾਰ ਕਿਸੇ ਅੱਖਰ ਨੂੰ ਆਪਣੀ ਕਲਾਕਾਰੀ ਵਿਚ ਢਾਲਦਾ ਹੈ ਤਾਂ ਉਹ ਅੱਖਰਕਾਰੀ ਬਣਦੀ ਹੈ। ਉਨ੍ਹਾਂ ਨੇ ਪੰਜਾਬੀ ਅੱਖਰਕਾਰੀ ਦੇ ਇਤਿਹਾਸ, ਮੁਢਲੇ ਨੁਕਤਿਆਂ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਵਿਚਾਰ ਚਰਚਾ ਵਿੱਚ ਰਾਜੇਸ਼ ਗਰਗ, ਪਰਵਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਬੁਧ ਰਾਮ ਗਰਗ, ਦਲਜੀਤ ਸਿੰਘ ਭੰਗੂ, ਭਗਤ ਰਾਮ ਰੰਗਾੜਾ, ਨੀਲਮ ਨਾਰੰਗ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ :Benefits Of Government Camps : ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਲਗਾਏ ਗਏ ਕੈਂਪਾਂ ਵਿਚ ਵੱਡੀ ਗਿਣਤੀ ਵਿਚ ਲੋਕ ਲੈ ਰਹੇ ਨੇ ਲਾਭ

 

SHARE