· ਖੇਡ ਮੰਤਰੀ ਨੇ ਵਿਸ਼ਵ ਕੱਪ ਵਿੱਚ ਦੋ ਸੋਨ ਤਮਗੇ ਜਿੱਤਣ ਵਾਲੇ ਨਿਸ਼ਾਨੇਬਾਜ਼ ਅਰਜੁਨ ਬਬੂਟਾ ਦਾ ਹੌਂਸਲਾ ਵਧਾਇਆ
ਇੰਡੀਆ ਨਿਊਜ਼, ਮੁਹਾਲੀ (New Sports Policy in Punjab): ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਮੌਜੂਦਾ ਖੇਡ ਨੀਤੀ ਵਿੱਚ ਕਈ ਤਬਦੀਲੀਆਂ ਕਰਕੇ ਨਵੀਂ ਵਿਆਪਕ ਖੇਡ ਨੀਤੀ ਬਣਾ ਰਹੀ ਹੈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ।
ਖੇਡ ਮੰਤਰੀ ਮੀਤ ਹੇਅਰ ਨੇ ਇਹ ਗੱਲ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਦੋ ਸੋਨੇ ਦੇ ਤਮਗੇ ਜਿੱਤ ਕੇ ਵਤਨ ਪਰਤੇ ਅਰਜੁਨ ਬਬੂਟਾ ਦਾ ਸਵਾਗਤ ਤੇ ਸਨਮਾਨ ਕਰਨ ਮੌਕੇ ਕਹੀ। ਮੀਤ ਹੇਅਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਮੁਹਾਲੀ ਦੇ ਫੇਜ਼ 11 ਸਥਿਤ ਅਰਜੁਨ ਬਬੂਟਾ ਦੀ ਰਿਹਾਇਸ਼ ਵਿਖੇ ਪੁੱਜੇ ਸਨ।
ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ
ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣ ਸਕੇ। ਕੌਮੀ ਤੇ ਕੌਮਾਂਤਰੀ ਪੱਧਰ ਉਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣੀ ਯਕੀਨੀ ਬਣਾਈ ਜਾਵੇਗੀ। ਨਗਦ ਇਨਾਮ ਦੇਣ ਲਈ ਇਸ ਵੇਲੇ ਸਾਰੀਆਂ ਖੇਡਾਂ ਲਈ ਇਕੋ ਨੀਤੀ ਹੈ ਜਦੋਂ ਕਿ ਹਰ ਖੇਡ ਵਿੱਚ ਟੂਰਨਾਮੈਂਟ ਦਾ ਸ਼ਡਿਊਲ, ਪੱਧਰ ਅਤੇ ਕਿਸਮ ਵੱਖੋ-ਵੱਖਰੀ ਹੈ, ਇਸ ਲਈ ਹਰ ਖੇਡ ਦੇ ਅਹਿਮ ਟੂਰਨਾਮੈਂਟਾਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਤੇ ਨਾਇਬ ਤਹਿਸੀਲਦਾਰ ਅਰਜਨ ਗਰੇਵਾਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ ਦੋ ਕਾਬੂ
ਸਾਡੇ ਨਾਲ ਜੁੜੋ : Twitter Facebook youtube