- ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਰਕਾਰੀ ਬੱਸਾਂ ਦੀ ਤੇਲ ਚੋਰੀ ਰੋਕਣ ਲਈ ਛਾਪੇਮਾਰ ਟੀਮਾਂ ਗਠਤ
- ਤਿੰਨ ਸੂਬਾ ਪੱਧਰੀ ਟੀਮਾਂ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਕਰਨਗੀਆਂ ਰਿਪੋਰਟ
- ਡਿਪੂ ਪੱਧਰ ‘ਤੇ ਤਿੰਨ-ਤਿੰਨ ਟੀਮਾਂ 24 ਘੰਟੇ ਰੱਖਣਗੀਆਂ ਬਾਜ਼ ਅੱਖ
- ਮੰਤਰੀ ਵੱਲੋਂ ਜਨਰਲ ਮੈਨੇਜਰਾਂ/ਡਿਪੂ ਮੈਨੇਜਰਾਂ ਨੂੰ ਹਫ਼ਤੇ ਵਿੱਚ 3 ਦਿਨ ਖ਼ੁਦ ਚੈਕਿੰਗ ਕਰਨ ਦੀ ਹਦਾਇਤ
ਚੰਡੀਗੜ੍ਹ, PUNJAB NEWS (Depot level Pillars, including three state level teams) : ਸਰਕਾਰੀ ਬੱਸਾਂ ਵਿੱਚੋਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਤਿੰਨ ਸੂਬਾ ਪੱਧਰੀ ਟੀਮਾਂ ਸਮੇਤ ਡਿਪੂ ਪੱਧਰੀ ਛਾਪੇਮਾਰ ਟੀਮਾਂ ਗਠਤ ਕੀਤੀਆਂ ਹਨ, ਜੋ ਸੂਬੇ ਵਿੱਚ ਨਿਰੰਤਰ ਛਾਪੇ ਮਾਰਨਗੀਆਂ। ਰਾਜ ਪੱਧਰੀ ਤਿੰਨ ਟੀਮਾਂ ਨੂੰ ਸਿੱਧੇ ਤੌਰ ‘ਤੇ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨ ਲਈ ਪਾਬੰਦ ਕੀਤਾ ਗਿਆ ਹੈ ਜਦਕਿ ਡਿਪੂ ਪੱਧਰੀ ਟੀਮਾਂ ਸਬੰਧਤ ਜਨਰਲ ਮੈਨੇਜਰ/ਡਿਪੂ ਮੈਨੇਜਰ ਨੂੰ ਰਿਪੋਰਟ ਕਰਨਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਮੀਟਿੰਗਾਂ ਰਾਹੀਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਅਧਿਕਾਰੀਆਂ ਅਤੇ ਡਰਾਈਵਰਾਂ ਤੇ ਕੰਡਕਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਬੱਸਾਂ ਵਿੱਚੋਂ ਤੇਲ ਚੋਰੀ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਸੂਬਾ ਪੱਧਰੀ ਛਾਪਾਮਾਰ ਟੀਮਾਂ ਕਦੇ ਵੀ ਕਿਤੇ ਵੀ ਛਾਪਾ ਮਾਰ ਸਕਦੀਆਂ ਹਨ
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸੂਬਾ ਪੱਧਰੀ ਛਾਪਾਮਾਰ ਟੀਮਾਂ ਕਦੇ ਵੀ ਕਿਤੇ ਵੀ ਛਾਪਾ ਮਾਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਰਿਪੋਰਟ ਕਰਨਗੀਆਂ। ਇਸੇ ਤਰ੍ਹਾਂ ਇੱਕ ਦਿਨ ਵਿੱਚ ਆਪਣੀ 8-8 ਘੰਟੇ ਦੀ ਰੋਟੇਸ਼ਨ ਡਿਊਟੀ ਦੌਰਾਨ ਡਿਪੂ ਪੱਧਰੀ 3-3 ਟੀਮਾਂ ਸਬੰਧਤ ਬੱਸ ਸਟੈਂਡ ਅਤੇ ਵਰਕਸ਼ਾਪ ਵਿਖੇ ਆਉਣ-ਜਾਣ ਵਾਲੀਆਂ ਅਤੇ ਰਾਤ ਨੂੰ ਰੁਕਣ ਵਾਲੀਆਂ ਬੱਸਾਂ ‘ਚੋਂ ਡੀਜ਼ਲ ਚੋਰੀ ਨੂੰ ਫੜਨ ਲਈ ਸਖ਼ਤ ਨਜ਼ਰ ਰੱਖਣਗੀਆਂ ਅਤੇ ਸਬੰਧਤ ਜਨਰਲ ਮੈਨੇਜਰ/ਡਿਪੂ ਮੈਨੇਜਰ ਨੂੰ ਰਿਪੋਰਟ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਸਮੂਹ ਜਨਰਲ ਮੈਨੇਜਰਾਂ/ਡਿਪੂ ਮੈਨੇਜਰਾਂ ਨੂੰ ਡਿਪੂ ਪੱਧਰ ‘ਤੇ ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਦੀਆਂ 3-3 ਟੀਮਾਂ ਗਠਤ ਕਰਨ ਲਈ ਪਹਿਲਾਂ ਹੀ ਲਿਖਤੀ ਹਦਾਇਤ ਕਰ ਦਿੱਤੀ ਗਈ ਹੈ। ਡਿਪੂ ਪੱਧਰੀ ਟੀਮਾਂ ਦੀ ਰਿਪੋਰਟ ਜਨਰਲ ਮੈਨੇਜਰ/ਡਿਪੂ ਮੈਨੇਜਰ ਹਰ 15ਵੇਂ ਦਿਨ ਮੁੱਖ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਉਣਗੇ।
ਡਿਪੂ ਪੱਧਰੀ ਟੀਮਾਂ ਦੀ ਰਿਪੋਰਟ ਜਨਰਲ ਮੈਨੇਜਰ/ਡਿਪੂ ਮੈਨੇਜਰ ਹਰ 15ਵੇਂ ਦਿਨ ਮੁੱਖ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਉਣਗੇ
ਕੈਬਨਿਟ ਮੰਤਰੀ ਨੇ ਸਮੂਹ ਜਨਰਲ ਮੈਨੇਜਰਾਂ/ਡਿਪੂ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਉਹ ਹਫ਼ਤੇ ਵਿੱਚ 3 ਦਿਨ (ਮੰਗਵਾਰ, ਵੀਰਵਾਰ ਅਤੇ ਸ਼ਨੀਵਾਰ) ਖ਼ੁਦ ਚੈਕਿੰਗ ਕਰਨਗੇ ਅਤੇ ਫੜੇ ਹੋਏ ਕੇਸਾਂ ਸਬੰਧੀ ਰਿਪੋਰਟ ਮੈਨੇਜਿੰਗ ਡਾਇਰੈਕਟਰ ਨੂੰ ਪੇਸ਼ ਕਰਨਗੇ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਦਫ਼ਤਰ ਵੱਲੋਂ ਸਮੇਂ-ਸਮੇਂ ਸਿਰ ਚੈਕਿੰਗ ਟੀਮਾਂ ਦੀ ਕਾਰਜਗੁਜ਼ਾਰੀ ਵੇਖੀ ਜਾਵੇਗੀ। ਉਨ੍ਹਾਂ ਬੜੇ ਸਖ਼ਤ ਲਹਿਜੇ ‘ਚ ਕਿਹਾ ਕਿ ਮੁੱਖ ਦਫ਼ਤਰ ਦੀ ਚੈਕਿੰਗ ਟੀਮ ਵੱਲੋਂ ਕਿਸੇ ਬੱਸ ਸਟੈਂਡ ਉੱਤੇ ਡੀਜ਼ਲ ਚੋਰੀ ਫੜੇ ਜਾਣ ‘ਤੇ ਸਾਰੀ ਜ਼ਿੰਮੇਵਾਰੀ ਸਬੰਧਤ ਬੱਸ ਸਟੈਂਡ ‘ਤੇ ਤੈਨਾਤ ਚੈਕਿੰਗ ਟੀਮਾਂ ਅਤੇ ਸਬੰਧਤ ਜਨਰਲ ਮੈਨੇਜਰ/ਡਿਪੂ ਮੈਨੇਜਰ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਡਿਪੂਆਂ ਵਿੱਚ ਸਥਿਤ ਕੋਈ ਅਧਿਕਾਰੀ/ਕਰਮਚਾਰੀ ਤੇਲ ਚੋਰੀ ਸਬੰਧੀ ਸੂਚਨਾ ਗੁਪਤ ਤੌਰ ‘ਤੇ ਦੇਣਾ ਚਾਹੁੰਦਾ ਹੋਵੇ ਤਾਂ ਉਹ ਟੈਲੀਫ਼ੋਨ ਨੰਬਰ 0172-2704790 ਅਤੇ ਈਮੇਲ ਪਤੇ dir.tpt@punbus.gov.in ‘ਤੇ ਦੱਸ ਸਕਦਾ ਹੈ।
ਇਹ ਵੀ ਪੜ੍ਹੋ: ਨਰਮੇਂ ‘ਤੇ ਆੜਤ 1 ਫੀਸਦ ਕੀਤੀ ਜਾਵੇਗੀ : ਧਾਲੀਵਾਲ
ਸਾਡੇ ਨਾਲ ਜੁੜੋ : Twitter Facebook youtube