India News (ਇੰਡੀਆ ਨਿਊਜ਼), Paver Block Project Completed, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਰਕਾਰੀ ਹਾਈ ਸਕੂਲ ਫੇਜ਼-5, ਮੋਹਾਲੀ ਵਿਖੇ ਪੇਵਰ ਬਲਾਕ ਲਾਉਣ ਦਾ ਪ੍ਰੋਜੈਕਟ ਮੁਕੰਮਲ ਹੋ ਗਿਆ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਉਦਘਾਟਨ ਉਪਰੰਤ ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ। ਇਸ ਪ੍ਰੋਜੈਕਟ ਉੱਤੇ ਕਰੀਬ 03 ਲੱਖ 60 ਹਜ਼ਾਰ ਰੁਪਏ ਖਰਚੇ ਗਏ ਹਨ, ਜਿਸ ਲਈ ਚੇਅਰਪਰਸਨ ਪ੍ਰਭਜੋਤ ਕੌਰ ਵੱਲੋਂ ਡੀ.ਪੀ.ਸੀ. ਫੰਡ ਵਿਚੋਂ ਪੈਸੇ ਦਿੱਤੇ ਗਏ ਸਨ।
ਬਰਸਾਤਾਂ ਵਿੱਚ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ
ਇਸ ਮੌਕੇ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਕੂਲ ਦੇ ਮੁੱਖ ਗੇਟ ਤੋਂ ਲੈ ਕੇ ਕਲਾਸ ਰੂਮਜ਼ ਤੱਕ ਦੀ ਥਾਂ ਕੱਚੀ ਹੋਣ ਕਾਰਨ ਬਰਸਾਤਾਂ ਵਿੱਚ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਪੇਵਰ ਲੱਗਣ ਨਾਲ ਇਹ ਮੁਸ਼ਕਲ ਹੱਲ ਹੋ ਗਈ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਨ ਨੇ ਦੱਸਿਆ ਕਿ ਉਹਨਾਂ ਦਾ ਬਚਪਨ ਇਸੇ ਫੇਜ਼ ਵਿੱਚ ਬੀਤਿਆ ਹੈ ਤੇ ਜਦੋਂ ਵੀ ਉਹ ਇਸ ਸਕੂਲ ਵਿੱਚ ਵੋਟ ਪਾਉਣ ਆਉਂਦੇ ਸਨ ਤਾਂ ਬੁਨਿਆਦੀ ਢਾਂਚੇ ਸਬੰਧੀ ਹਲਾਤ ਮਾੜੇ ਸਨ ਪਰ ਹੁਣ ਹਾਲਤ ਬਿਹਤਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਜਿੰਨੇ ਵੀ ਫੰਡ ਉਹਨਾਂ ਕੋਲ ਹਨ, ਉਹਨਾਂ ਵਿਚੋਂ ਬਹੁਤਾਤ ਸਿੱਖਿਆ ਢਾਂਚੇ ਉੱਤੇ ਹੀ ਖਰਚੇ ਜਾ ਰਹੇ ਹਨ।
ਸਿੱਖਿਆ ਕ੍ਰਾਂਤੀ ਲਈ ਵੱਡੇ ਪੱਧਰ ਉੱਤੇ ਕਦਮ ਚੁੱਕੇ
ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦਾ ਰੁਝਾਨ ਵੱਧ ਰਿਹਾ ਹੈ ਤੇ ਇਸ ਸਕੂਲ ਵਿੱਚ ਪਹਿਲਾਂ ਵਿਦਿਆਰਥੀਆਂ ਦੀ ਗਿਣਤੀ 290 ਸੀ ਤੇ ਹੁਣ 350 ਹੋ ਗਈ ਹੈ। 30 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਵੀ ਇਸ ਸਕੂਲ ਵਿੱਚ ਆਏ ਹਨ।
ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਸੂਬੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਉਡਾਣ ਭਰੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦਾ ਰੁਖ਼ ਬਦਲਣ ਨਾਲ ਰੁਝਾਨ ਬਦਲ ਜਾਂਦਾ ਹੈ। ਪਿਛਲੀਆਂ ਸਰਕਾਰਾਂ ਦਾ ਉਦੇਸ਼ ਸਿੱਖਿਆ ਸੁਧਾਰ ਨਹੀਂ ਸੀ। ਦੂਜੇ ਪਾਸੇ ਦਿੱਲੀ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਟੌਪ ਕਰ ਰਹੇ ਹਨ। ਪੰਜਾਬ ਵਿੱਚ ਵੀ ਸਕੂਲਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਸਿੱਖਿਆ ਕ੍ਰਾਂਤੀ ਲਈ ਵੱਡੇ ਪੱਧਰ ਉੱਤੇ ਕਦਮ ਚੁੱਕੇ ਜਾ ਰਹੇ ਹਨ।
ਸਿੱਖਿਆ ਦੀ ਗੁਣਵੱਤਾ ਦੇ ਸੁਧਾਰ ਵਾਸਤੇ
ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਦੇ ਲਈ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਪੜ੍ਹਾਈ ਦਾ ਮਿਆਰ ਅਤੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜਿਆ ਗਿਆ, ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਦੇ ਆਤਮ -ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਉਹ ਸਫਲਤਾ ਹਾਸਿਲ ਕਰ ਸਕਣ।
ਪ੍ਰਭਜੋਤ ਕੌਰ ਨੇ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਵਾਸਤੇ ਯਤਨਸ਼ੀਲ ਹੈ, ਜਿਸ ਵਿੱਚ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਦੇ ਸੁਧਾਰ ਵਾਸਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :Derabassi Crime News : ਡੇਰਾ ਬੱਸੀ ਪੁਲਿਸ ਨੇ ਅਫੀਮ ਅਤੇ ਡਰੱਗ ਮਨੀ ਸਮੇਤ ਨੌਜਵਾਨ ਨੂੰ ਕੀਤਾ ਕਾਬੂ