- ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਉੱਤੇ ਦਿੱਤਾ ਜਾਵੇਗਾ ਉਚੇਚਾ ਧਿਆਨ: ਲਾਲ ਚੰਦ ਕਟਾਰੂਚੱਕ
ਇੰਡੀਆ ਨਿਊਜ਼, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿੱਚ ਵਣਾਂ ਹੇਠਲਾ ਰਕਬਾ ਵਧਾਉਣ ਅਤੇ ਆਉਣ ਵਾਲੀਆਂ ਨਸਲਾਂ ਲਈ ਇੱਕ ਸੁਚੱਜਾ ਤੇ ਸਿਹਤਮੰਦ ਵਾਤਾਵਰਣ ਸਿਰਜਣ ਦੇ ਦ੍ਰਿੜ ਇਰਾਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਦੇ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਮੋਹਾਲੀ ਵਿਖੇ ਸੈਕਟਰ 68 ਦੇ ਵਣ ਭਵਨ ਵਿਖੇ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਟਾਰੂਚੱਕ ਨੇ ਇਸ ਗੱਲ ਉੱਤੇ ਜੋਰ ਦਿੱਤਾ ਕਿ ਉਪਰੋਕਤ ਮਕਸਦ ਨੂੰ ਹਾਸਲ ਕਰਨ ਲਈ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਹਿੱਤ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇ।
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਮੀਲ ਪੱਥਰ ਸਾਬਿਤ ਹੋਵੇਗੀ
ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਰੂਪ ਵਿੱਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨਿਵੇਕਲੇ ਉੱਦਮ ਉੱਤੇ ਖਾਸ ਧਿਆਨ ਕੇਂਦਰਿਤ ਕੀਤਾ ਜਾਵੇ l ਇਹ ਯੋਜਨਾ ਵਾਤਾਵਰਣ ਬਚਾਉਣ ਅਤੇ ਸੂਬੇ ਨੂੰ ਹੋਰ ਹਰਿਆ ਭਰਿਆ ਬਣਾਉਣ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਅਗਾਂਹ ਦੱਸਦਿਆਂ ਕਿਹਾ ਕਿ ਜਿਥੋਂ ਤੱਕ ਮੱਤੇਵਾੜਾ ਜੰਗਲ ਦਾ ਸਵਾਲ ਹੈ ਤਾਂ ਇਹ ਲੁਧਿਆਣਾ ਸ਼ਹਿਰ ਲਈ ਫੇਫੜਿਆਂ ਦਾ ਕੰਮ ਕਰਦਾ ਹੈ, ਇਸੇ ਲਈ ਵਣ ਵਿਭਾਗ ਵਲੋਂ ਇੱਥੇ 80,115 ਬੂਟੇ ਲਗਾਏ ਜਾਣਗੇ।
ਬੂਟਿਆਂ ਦੀ ਸੰਭਾਲ ਕਰਨਾ ਜਰੂਰੀ
ਇੱਕ ਅਹਿਮ ਪਹਿਲੂ ਤੇ ਜੋਰ ਦਿੰਦਿਆਂ ਕਟਾਰੂਚੱਕ ਨੇ ਕਿਹਾ ਕਿ ਸਿਰਫ ਬੂਟੇ ਲਗਾਉਣਾ ਕਾਫੀ ਨਹੀਂ ਸਗੋਂ ਉਨ੍ਹਾਂ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਵੀ ਬਹੁਤ ਜਰੂਰੀ ਹੈ l ਇਹ ਬੂਟੇ ਅੱਗੇ ਜਾ ਸਕੇ ਛਾਂ-ਦਾਰ ਰੁੱਖਾਂ ਦਾ ਰੂਪ ਧਾਰ ਕੇ ਵਾਤਾਵਰਣ ਦੇ ਨਰੋਏਪਣ ਵਿੱਚ ਵਾਧਾ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਵਿਭਾਗੀ ਕਰਮਚਾਰੀਆਂ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਜੀ-ਜਾਨ ਨਾਲ ਜੁੱਟ ਜਾਣ ਦੀ ਲੋੜ ਹੈ ਕਿਉਂ ਜੋ ਇਸੇ ਆਧਾਰ ਉੱਤੇ ਭਵਿੱਖ ਨਿਰਭਰ ਕਰਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬੂਟੇ ਲਾਉਣ ਲਈ ਅਜਿਹੀਆਂ ਥਾਵਾਂ ਦੀ ਚੋਣ ਕੀਤੀ ਜਾਵੇ ਜਿੱਥੇ ਕਿ ਇਹ ਬਿਲਕੁੱਲ ਸੁਰੱਖਿਅਤ ਹੋਣ ਜਿਵੇਂ ਕਿ ਸਕੂਲ, ਹਸਪਤਾਲ ਅਤੇ ਡਿਸਪੈਂਸਰੀਆਂ ਆਦਿ। ਵਿਭਾਗ ਦੇ ਅਫਸਰਾਂ ਨੂੰ ਇਸ ਸਬੰਧੀ ਹੋਰ ਨਿਵੇਕਲੇ ਵਿਚਾਰਾਂ ਨੂੰ ਸਾਹਮਣੇ ਲਿਆਉਣ ਦੀ ਪ੍ਰੇਰਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਜ਼ਮੀਨੀ ਪੱਧਰ ਤੱਕ ਪ੍ਰਚਾਰਿਤ ਕੀਤੇ ਜਾਣ ਦੀ ਲੋੜ ਹੈ।
ਮੰਤਰੀ ਨੇ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਫਾਰੈਸਟ ਗਾਰਡਾਂ ਨੂੰ ਪਿੰਡਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸਰਪੰਚਾਂ, ਪੰਚਾਂ ਅਤੇ ਪੰਚਾਇਤਾਂ ਨਾਲ ਰਾਬਤਾ ਕਰਕੇ ਸੂਬੇ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਹਰਿਆ ਭਰਿਆ ਬਣਾਉਣ ਦੇ ਇਸ ਮਿਸ਼ਨ ਵਿੱਚ ਪੂਰਾ ਸਹਿਯੋਗ ਕਰ ਸਕਣ।
ਇਹ ਵੀ ਪੜੋ : ਪੰਜਾਬ ਪੁਲਿਸ ਨੇ ਮਹਾਰਾਸ਼ਟਰ ਤੋਂ 73 ਕਿਲੋ ਹੈਰੋਇਨ ਬਰਾਮਦ ਕੀਤੀ
ਸਾਡੇ ਨਾਲ ਜੁੜੋ : Twitter Facebook youtube