- ਵਿਜੀਲੈਂਸ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ
- ਐਕਸੀਅਨ, ਜੇਈ ਅਤੇ ਪ੍ਰਾਈਵੇਟ ਵਿਅਕਤੀ ਨੂੰ ਜਾਅਲੀ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ
ਦਿਨੇਸ਼ ਮੌਦਗਿਲ, ਲੁਧਿਆਣਾ (Plot allotment scam under LDP scheme): ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਮੌਜੂਦਾ ਕਾਰਜਕਾਰੀ ਇੰਜਨੀਅਰ ਬੂਟਾ ਰਾਮ, ਕਾਰਜਕਾਰੀ ਇੰਜਨੀਅਰ (ਐਕਸੀਅਨ) ਜਸਦੇਵ ਸਿੰਘ, ਜੂਨੀਅਰ ਇੰਜਨੀਅਰ, ਐਲਆਈਟੀ ਇੰਦਰਜੀਤ ਸਿੰਘ, ਨਗਰ ਨਿਗਮ ਲੁਧਿਆਣਾ ਦੇ ਜੂਨੀਅਰ ਇੰਜਨੀਅਰ ਮਨਦੀਪ ਸਿੰਘ ਅਤੇ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੇ ਨਿਵਾਸੀ ਇੱਕ ਪ੍ਰਾਈਵੇਟ ਵਿਅਕਤੀ ਕਮਲਦੀਪ ਸਿੰਘ ਖਿਲਾਫ਼ ਸਥਾਨਿਕ ਨਾਗਰਿਕ ਵਿਸਥਪਾਨ (ਐਲਡੀਪੀ) ਸਕੀਮ ਤਹਿਤ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲਆਈਟੀ) ਵਿੱਚ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਸਬੰਧੀ ਭ੍ਰਿਸ਼ਟਾਚਾਰ ਦਾ ਇੱਕ ਹੋਰ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਜਸਦੇਵ ਸਿੰਘ ਐਕਸੀਅਨ, ਇੰਦਰਜੀਤ ਸਿੰਘ ਜੇਈ ਅਤੇ ਕਮਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਤਫਤੀਸ਼ ਵਿੱਚ ਇਹ ਆਇਆ ਸਾਮਣੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਥਾਣਾ, ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ 120-ਬੀ ਤਹਿਤ ਦਰਜ ਐਫਆਈਆਰ ਨੰ. 8, ਮਿਤੀ 14.07.2022 ਦੀ ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਐਲਆਈਟੀ ਦੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਕਰਦਿਆਂ ਅਤੇ ਹੋਰਾਂ ਦੀ ਮਿਲੀਭੁਗਤ ਨਾਲ ਐਲਡੀਪੀ ਸਕੀਮ ਤਹਿਤ ਅਣਅਧਿਕਾਰਤ ਵਿਅਕਤੀਆਂ ਨੂੰ ਰਿਹਾਇਸ਼ੀ ਪਲਾਟ ਅਲਾਟ ਕੀਤੇ ਸਨ। ਭਾਵੇਂ ਕੁਝ ਅਲਾਟੀਆਂ ਦੀ ਮੌਤ ਹੋ ਚੁੱਕੀ ਸੀ ਪਰ ਉਨ੍ਹਾਂ ਦੇ ਪਲਾਟ ਐਲਆਈਟੀ ਅਧਿਕਾਰੀਆਂ ਵੱਲੋਂ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਣਅਧਿਕਾਰਤ ਵਿਅਕਤੀਆਂ ਨੂੰ ਦੁਬਾਰਾ ਅਲਾਟ ਕਰ ਦਿੱਤੇ ਗਏ ਅਤੇ ਲਾਭਪਾਤਰੀਆਂ ਤੋਂ ਮੋਟੀ ਰਿਸ਼ਵਤ ਹਾਸਲ ਕੀਤੀ ਗਈ।
ਮਨਘੜਤ ਰਿਪੋਰਟਾਂ ਦਿੱਤੀਆਂ
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੜਤਾਲ ਦੌਰਾਨ ਰਿਕਾਰਡ ‘ਤੇ ਇਹ ਸਾਹਮਣੇ ਆਇਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿੱਚ ਪਲਾਟ ਨੰਬਰ 1544-ਡੀ ਇੱਕ ਨਿੱਜੀ ਵਿਅਕਤੀ ਕਮਲਦੀਪ ਸਿੰਘ ਨੂੰ ਅਲਾਟ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇੰਦਰਜੀਤ ਸਿੰਘ ਜੇਈ, ਬੂਟਾ ਰਾਮ ਟਰੱਸਟ ਇੰਜੀਨੀਅਰ ਅਤੇ ਜਸਦੀਪ ਸਿੰਘ ਐਕਸੀਅਨ, ਮਨਦੀਪ ਸਿੰਘ ਜੇਈ ਐਮਸੀ ਲੁਧਿਆਣਾ ਨੇ ਉਪਰੋਕਤ ਇਲਾਕੇ ਵਿੱਚ ਪਾਣੀ ਅਤੇ ਸੀਵਰੇਜ ਦੀ ਸਹੂਲਤ ਨਾ ਹੋਣ ਸਬੰਧੀ ਐਲ.ਆਈ.ਟੀ. ਨੂੰ ਝੂਠੀਆਂ/ਮਨਘੜਤ ਰਿਪੋਰਟਾਂ ਦਿੱਤੀਆਂ ਸਨ।
27 ਲੱਖ ਰੁਪਏ ਦਾ ਗੈਰ-ਉਸਾਰੀ ਜੁਰਮਾਨਾ ਛੱਡ ਦਿੱਤਾ
ਅਲਾਟੀ ਦਾ ਪੱਖ ਪੂਰਨ ਦੇ ਉਦੇਸ਼ ਨਾਲ, ਉਪਰੋਕਤ ਅਧਿਕਾਰੀਆਂ/ਕਰਮਚਾਰੀਆਂ ਨੇ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਲਏ ਬਿਨਾਂ 27 ਲੱਖ ਰੁਪਏ ਦਾ ਗੈਰ-ਉਸਾਰੀ ਜੁਰਮਾਨਾ ਛੱਡ ਦਿੱਤਾ ਸੀ, ਜਦੋਂ ਕਿ ਇਹ ਅਲਾਟੀ ਤੋਂ ਵਸੂਲਿਆ ਜਾਣਾ ਜ਼ਰੂਰੀ ਸੀ, ਜਿਸ ਨਾਲ ਉਨਾਂ ਸਰਕਾਰੀ ਖਜ਼ਾਨੇ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ। ਬੁਲਾਰੇ ਨੇ ਅੱਗੇ ਦੱਸਿਆ ਕਿ ਲਾਭਪਾਤਰੀਆਂ ਤੋਂ ਮੋਟੀ ਰਿਸ਼ਵਤ ਲੈ ਕੇ ਐਲਡੀਪੀ ਸਕੀਮ ਤਹਿਤ ਪਲਾਟ ਅਲਾਟ ਕਰਨ ਲਈ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਆਰਥਿਕ ਅਪਰਾਧ ਵਿੰਗ, ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 12, 13(2) ਅਤੇ ਆਈ.ਪੀ.ਸੀ. ਦੀ ਧਾਰਾ 409, 420, 467, 471, 120-ਬੀ ਤਹਿਤ ਐਫਆਈਆਰ ਨੰਬਰ 09 ਅਧੀਨ ਮਾਮਲਾ ਦਰਜ ਕੀਤਾ ਹੋਇਆ ਹੈ।
ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ
ਇਸ ਮਾਮਲੇ ਵਿੱਚ ਐਲਆਈਟੀ ਦੇ ਅਧਿਕਾਰੀਆਂ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਸੀ ਜਿਸ ਵਿੱਚ ਰਮਨ ਬਾਲਾਸੁਬਰਾਮਨੀਅਮ, ਸਾਬਕਾ ਚੇਅਰਮੈਨ ਐਲਆਈਟੀ, ਕੁਲਜੀਤ ਕੌਰ ਈਓ, ਅੰਕਿਤ ਨਾਰੰਗ ਐਸਡੀਓ, ਪਰਵੀਨ ਕੁਮਾਰ ਸੇਲਜ਼ ਕਲਰਕ, ਗਗਨਦੀਪ ਕਲਰਕ ਅਤੇ ਸਾਬਕਾ ਚੇਅਰਮੈਨ ਦੇ ਪੀਏ ਸੰਦੀਪ ਸ਼ਰਮਾ ਸ਼ਾਮਲ ਸਨ। ਉਪਰੋਕਤ ਮੁਲਜ਼ਮਾਂ ਵਿੱਚੋਂ ਸੰਦੀਪ ਸ਼ਰਮਾ ਪੀ.ਏ., ਪਰਵੀਨ ਕੁਮਾਰ ਕਲਰਕ ਅਤੇ ਕੁਲਜੀਤ ਕੌਰ ਈ.ਓ. ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਮੁਲਜਮ ਗ੍ਰਿਫਤਾਰੀ ਤੋਂ ਬਚ ਰਹੇ ਹਨ ਅਤੇ ਇਸ ਬਾਰੇ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ‘ਵਰਬੀਓ ਗਰੁੱਪ’ ਨੂੰ ਭਵਿੱਖੀ ਸਹਿਯੋਗ ਦੇ ਮੌਕਿਆਂ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ
ਇਹ ਵੀ ਪੜ੍ਹੋ: ਭਾਰਤ ਵਿੱਚ ਪੰਜਾਬ ਨਿਵੇਸ਼ ਲਈ ਮੋਹਰੀ ਸਥਾਨ : ਮੁੱਖ ਮੰਤਰੀ
ਸਾਡੇ ਨਾਲ ਜੁੜੋ : Twitter Facebook youtube