ਐਨ.ਆਰ.ਆਈਜ਼ ਨੂੰ ਵੱਡੀ ਰਾਹਤ, ਮੁੱਖ ਮੰਤਰੀ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ ਨਿਯੁਕਤ

0
172
Prompt and timely redressal of complaints, Chief Minister Field Officers, Decision to appoint Nodal Officer
  • ਪ੍ਰਵਾਸੀ ਭਾਰਤੀਆਂ ਦੀ ਹਰੇਕ ਸ਼ਿਕਾਇਤ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣਗੇ ‘ਮੁੱਖ ਮੰਤਰੀ ਫੀਲਡ ਅਫਸਰ’

ਚੰਡੀਗੜ੍ਹ, PUNJAB NEWS (Immediate and timely settlement): ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਨ.ਆਰ.ਈਜ਼ ਦੀਆਂ ਸ਼ਿਕਾਇਤਾਂ ਦਾ ਫੌਰੀ ਅਤੇ ਸਮਾਂਬੱਧ ਢੰਗ ਨਾਲ ਨਿਪਟਾਰਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ‘ਮੁੱਖ ਮੰਤਰੀ ਫੀਲਡ ਅਫਸਰਾਂ’ ਨੂੰ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਨੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੀਆਂ 23 ਅਸਾਮੀਆਂ ਨੂੰ ਖਤਮ ਕਰਕੇ ‘ਮੁੱਖ ਮੰਤਰੀ ਫੀਲਡ ਅਫਸਰ’ ਦੀਆਂ 23 ਅਸਾਮੀਆਂ ਦੀ ਸਿਰਜਣਾ ਕੀਤੀ ਗਈ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਜ਼ਿਲ੍ਹਾ ਪੱਧਰ ‘ਤੇ ਕਰਨ ਲਈ ਉਨ੍ਹਾਂ ਨੂੰ ਬਿਹਤਰ ਅਸਰਦਾਰ ਅਤੇ ਸ਼ਕਤੀਸ਼ਾਲੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਮੁਹੱਈਆ ਕਰਵਾਈ ਜਾਵੇ।

 

ਭਗਵੰਤ ਮਾਨ ਨੇ ਦੱਸਿਆ ਕਿ ਇਕ ਹੋਰ ਮਹੱਤਵਪੂਰਨ ਫੈਸਲੇ ਲੈਂਦੇ ਹੋਏ ਸੂਬਾ ਸਰਕਾਰ ਨੇ ਹੁਣ ਐਨ.ਆਰ.ਈਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ‘ਮੁੱਖ ਮੰਤਰੀ ਫੀਲਡ ਅਫਸਰਾਂ’ ਨੂੰ ਨੋਡਲ ਅਫਸਰ ਦੇ ਤੌਰ ਉਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ।

ਇਹ ਵਿਲੱਖਣ ਪਹਿਲਕਦਮੀ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਲਈ ਵਰਦਾਨ ਸਾਬਤ ਹੋਵੇਗੀ

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਅਧਿਕਾਰੀ ਪ੍ਰਵਾਸੀ ਭਾਰਤੀਆਂ ਲਈ ਆਦਰਸ਼ ਨੋਡਲ ਅਫਸਰ ਸਾਬਤ ਹੋਣਗੇ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਨਾਲ ਸਿੱਧਾ ਸੰਪਰਕ ਕਰਨ ਦੇ ਨਾਲ-ਨਾਲ ਸਾਰੇ ਵਿਭਾਗਾਂ ਅਤੇ ਜ਼ਿਲ੍ਹਿਆਂ ਵਿੱਚ ਤਾਲਮੇਲ ਵੀ ਕਰ ਸਕਣਗੇ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਦੀ ਇਹ ਵਿਲੱਖਣ ਪਹਿਲਕਦਮੀ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਲਈ ਵਰਦਾਨ ਸਾਬਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਐਨ.ਆਰ.ਆਈਜ਼ ਲਈ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਨਿਰਵਿਘਨ ਅਤੇ ਮੁਸ਼ਕਲ ਰਹਿਤ ਹੱਲ ਕਰਵਾਉਣ ਲਈ ਇਕੋ ਜਗ੍ਹਾ ਪਹੁੰਚ ਕਰਨ ਦੀ ਵਿਵਸਥਾ ਕਾਇਮ ਹੋ ਗਈ ਹੈ।

 

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੁੱਚੀ ਵਿਧੀ ਨੂੰ ਵਿਕਸਤ ਕਰਨ ਦਾ ਇੱਕੋ-ਇੱਕ ਉਦੇਸ਼ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ ਛੇਤੀ ਸੁਲਝਾਉਣ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਸ਼ਵ ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਐਨ.ਆਰ.ਆਈ. ਭਰਾਵਾਂ ਨੂੰ ਘਰ ਵਾਪਸੀ ਮੌਕੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

 

ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਪਹਿਲਾਂ ਹੀ ਤਰੱਕੀ ਦਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ ਕਿ ਜੇਕਰ ਕਿਸੇ ਵੀ ਐਨ.ਆਰ.ਈ. ਦੀ ਕੋਈ ਸ਼ਿਕਾਇਤ ਹੋਵੇ ਤਾਂ ਉਸ ਦਾ ਨਿਪਟਾਰਾ ਉਸੇ ਵੇਲੇ ਸਮਾਂਬੱਧ ਢੰਗ ਨਾਲ ਕੀਤਾ ਜਾਵੇ।

ਇਹ ਵੀ ਪੜ੍ਹੋ:  ਨਰਮੇਂ ‘ਤੇ ਆੜਤ 1 ਫੀਸਦ ਕੀਤੀ ਜਾਵੇਗੀ : ਧਾਲੀਵਾਲ

ਸਾਡੇ ਨਾਲ ਜੁੜੋ :  Twitter Facebook youtube

SHARE