India News (ਇੰਡੀਆ ਨਿਊਜ਼), Prose Book ‘Eh Kehi Rutt Aayi’, ਚੰਡੀਗੜ੍ਹ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਅਰੰਭੀਆਂ ਗਤੀਵਿਧੀਆਂ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਪ੍ਰਭਜੋਤ ਕੌਰ ਢਿੱਲੋਂ ਦੀ ਲਿਖੀ ਵਾਰਤਕ ਪੁਸਤਕ ‘ਏਹ ਕੇਹੀ ਰੁੱਤ ਆਈ’ ਨੂੰ ਲੋਕ ਅਰਪਣ ਕੀਤਾ ਗਿਆ। ਪੁਸਤਕ’ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਜੀ.ਕੇ. ਸਿੰਘ ਧਾਲੀਵਾਲ ਆਈ.ਏ.ਐੱਸ (ਸੇਵਾਮੁਕਤ) ਸਨ।
ਸਮਾਜਿਕ ਬੁਰਾਈਆਂ ਦੇ ਦਰਦ ਦੀ ਚੀਸ
ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਦਰਸ਼ਨ ਸਿੰਘ ਬਾਹੀਆ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਿਹਾ ਕਿ ਇਹ ਪੁਸਤਕ ਸਾਡੇ ਆਲ਼ੇ-ਦੁਆਲ਼ੇ ਫ਼ੈਲੀਆਂ ਹੋਈਆਂ ਸਮਾਜਿਕ ਬੁਰਾਈਆਂ ਦੇ ਦਰਦ ਦੀ ਚੀਸ ਨੂੰ ਅਨੁਭਵ ਕਰਨ ਦਾ ਅਹਿਸਾਸ ਕਰਵਾਉਂਦੀ ਹੈ।
ਸਮਾਜਿਕ ਨਿਘਾਰਾਂ ’ਤੇ ਉਂਗਲ ਧਰਦੀ
ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ‘ਏਹ ਕੇਹੀ ਰੁੱਤ ਆਈ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ‘ਏਹ ਕੇਹੀ ਰੁੱਤ ਆਈ’ ਦੀ ਲੇਖਿਕਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੁਸਤਕ ਸੰਖੇਪ ਜਾਣਕਾਰੀ ਅਤੇ ਸਾਦਗੀ ਭਰਪੂਰ ਬਿਰਤਾਂਤ ਪੱਖੋਂ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ।
ਜੇ.ਕੇ.ਸਿੰਘ ਵੱਲੋਂ ਪੁਸਤਕ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਜਿਕ ਨਿਘਾਰਾਂ ’ਤੇ ਉਂਗਲ ਧਰਦੀ ਲੋਕਾਈ ਨੂੰ ਚੇਤੰਨ ਕਰਨ ਦਾ ਰਸਤਾ ਦਿਖਾਉਂਦੀ ਹੈ। ਸ਼੍ਰੀ ਗੁਰਦਰਸ਼ਨ ਸਿੰਘ ਬਾਹੀਆ ਨੇ ਆਖਿਆ ਕਿ ਪੁਸਤਕ ਵਿੱਚ ਜਾਣਕਾਰੀ, ਸੇਧ ਅਤੇ ਮਨੋਰੰਜਨ ਪੱਖੋਂ ਪਾਠਕ ਦੀ ਸੁਹਜ-ਬੋਧ ਦੀ ਤ੍ਰਿਪਤੀ ਕਰਦੀ ਹੈ।
ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਨੂੰ ਸਮੂਹ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਮੈਡਮ ਦਿਲਪ੍ਰੀਤ ਚਹਿਲ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।