ਬੇਅਵਾਅ ਕੰਪਨੀ ਨੂੰ ਖੇਤੀਬਾੜੀ ਨੂੰ ਟਿਕਾਊ ਕਿੱਤਾ ਬਣਾਉਣ ਲਈ ਹੱਲ ਸੁਝਾਉਣ ਦਾ ਦਿੱਤਾ ਸੱਦਾ
ਇੰਡੀਆ ਨਿਊਜ਼, ਮਿਊਨਿਖ (ਜਰਮਨੀ) Punjab Chief Minister’s visit to Germany: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਵਾਯੂ ਤਬਦੀਲੀ, ਸਿੰਜਾਈ, ਫ਼ਸਲਾਂ ਦੇ ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਸੂਬੇ ਵਿੱਚ ਨਿਵੇਸ਼ ਯੋਜਨਾਵਾਂ ਪ੍ਰਮਾਣਿਤ ਕਰਨ ਲਈ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਅਹਿਮ ਮਸਲਿਆਂ ਨਾਲ ਸਿੱਝਣ ਲਈ ਜਰਮਨੀ ਦੀ ਮੋਹਰੀ ਕੰਪਨੀ ਬੇਅਵਾਅ ਤੋਂ ਸਹਿਯੋਗ ਮੰਗਿਆ ਹੈ। ਮੁੱਖ ਮੰਤਰੀ ਨੇ ਆਪਣੇ ਮਿਊਨਿਖ ਦੌਰੇ ਦੌਰਾਨ ਬੇਅਵਾਅ ਕੰਪਨੀ ਦੇ ਮਨੋਨੀਤ ਸੀਈਓ ਮਾਰਕਸ ਪੋਲਿੰਗਰ, ਸੀਈਓ ਵਿਸਟਾ ਡਾ. ਹੇਕ ਬੈਕ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਈਟੀ ਡਿਵੈਲਪਮੈਂਟ ਬੇਅਵਾਅ ਗਰੁੱਪ ਟੋਬੀਅਸ ਹੌਰਟਸਮੈਨ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪੰਜਾਬ ਮੁੱਖ ਤੌਰ ਉਤੇ ਖੇਤੀਬਾੜੀ ਆਧਾਰਤ ਅਰਥਚਾਰਾ ਹੈ, ਜਿਸ ਦੀ ਜ਼ਿਆਦਾਤਰ ਵਸੋਂ ਦੀ ਨਿਰਭਰਤਾ ਖੇਤੀਬਾੜੀ ਉਤੇ ਆਧਾਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਆਧੁਨਿਕ ਲੀਹਾਂ ਉਤੇ ਢਾਲਣਾ ਚਾਹੁੰਦਾ ਹੈ ਤਾਂ ਕਿ ਸੂਬੇ ਦੇ ਕਿਸਾਨਾਂ ਦੀ ਵੱਡੇ ਪੱਧਰ ਉਤੇ ਭਾਈਵਾਲੀ ਯਕੀਨੀ ਬਣਾਈ ਜਾਵੇ।
ਭਗਵੰਤ ਮਾਨ ਨੇ ਬੇਅਵਾਅ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਡਿਜ਼ੀਟਾਈਜੇਸ਼ਨ ਰਾਹੀਂ ਪੰਜਾਬ ਦੀ ਖੇਤੀਬਾੜੀ ਤੇ ਮਕੈਨਿਕੀਕਰਨ ਦੀ ਮਦਦ ਵਾਸਤੇ ਚਿਰ-ਸਥਾਈ ਖੇਤੀਬਾੜੀ ਕਿੱਤੇ ਲਈ ਹੱਲ ਮੁਹੱਈਆ ਕਰੇ। ਉਨ੍ਹਾਂ ਕਿਹਾ ਕਿ ਮੋਹਰੀ ਖੇਤੀਬਾੜੀ ਕਾਰੋਬਾਰ ਤੇ ਸੇਵਾਵਾਂ ਦੇਣ ਵਾਲੀ ਬੇਅਵਾਅ ਕੰਪਨੀ ਪੰਜਾਬ ਦੇ ਸਨਅਤੀ ਈਕੋ-ਢਾਂਚੇ ਨੂੰ ਵੈਲਯੂ ਚੇਨ ਨਾਲ ਜੋੜ ਕੇ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਜਲਵਾਯੂ ਤਬਦੀਲੀ ਦੇ ਮੁਲਾਂਕਣ ਉਤੇ ਜ਼ੋਰ ਦਿੱਤਾ
ਮੁੱਖ ਮੰਤਰੀ ਨੇ ਜਲਵਾਯੂ ਤਬਦੀਲੀ, ਸਿੰਜਾਈ, ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਨਿਵੇਸ਼ ਯੋਜਨਾਵਾਂ ਦੀ ਪ੍ਰਮਾਣਿਕਤਾ ਵਾਸਤੇ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਇਸ ਦੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਮਸਲਿਆਂ ਦੇ ਹੱਲ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਬੇਅਵਾਅ ਕੰਪਨੀ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਸੂਬੇ ਦੇ ਸਿਆਸੀ ਸਥਿਰਤਾ, ਵਧੀਆ ਕੁਨੈਕਟੀਵਿਟੀ, ਉਦਾਰ ਤੇ ਸਨਅਤ ਪੱਖੀ ਨੀਤੀਆਂ, ਸਾਫ਼ ਤੇ ਸਿਹਤਮੰਦ ਵਾਤਾਵਰਨ ਦੇ ਨਾਲ-ਨਾਲ ਮਿਆਰੀ ਜੀਵਨ ਵਰਗੇ ਸਨਅਤ ਪੱਖੀ ਲਾਭਾਂ ਤੋਂ ਲਾਹਾ ਲੈਣ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਬੇਅਵਾਅ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ 23 ਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਭਾਗ ਲੈਣ ਦਾ ਵੀ ਸੱਦਾ ਦਿੱਤਾ।
ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਬੇਅਵਾਅ ਕੰਪਨੀ ਦੇ ਮਨੋਨੀਤ ਸੀਈਓ ਤੇ ਉਨ੍ਹਾਂ ਦੀ ਟੀਮ ਨੇ ਕੰਪਨੀ ਦੇ ਕਾਰੋਬਾਰ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੰਪਨੀ ਊਰਜਾ, ਖੇਤੀਬਾੜੀ ਤੇ ਬਿਲਡਿੰਗ ਮਟੀਰੀਅਲ ਦੇ ਨਾਲ-ਨਾਲ ਨਵੀਆਂ ਖੋਜਾਂ ਤੇ ਡਿਜ਼ੀਟਾਈਜੇਸ਼ਨ ਦੇ ਖੇਤਰਾਂ ਵਿੱਚ ਵੀ ਵਿਕਾਸ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਦਾ ਕਾਰੋਬਾਰ 50 ਤੋਂ ਵੱਧ ਮੁਲਕਾਂ ਵਿੱਚ ਚੱਲ ਰਿਹਾ ਹੈ ਅਤੇ ਕੰਪਨੀ ਦੀ ਸੇਲ ਤਕਰੀਬਨ 19.8 ਅਰਬ ਯੂਰੋ ਦੀ ਹੈ।
ਇਹ ਵੀ ਪੜ੍ਹੋ: ਲੁਧਿਆਣਾ-ਦਿੱਲੀ ਦਰਮਿਆਨ ਉਡਾਣਾਂ ਸ਼ੁਰੂ ਕਰਨ ਦੀ ਮੰਗ
ਇਹ ਵੀ ਪੜ੍ਹੋ: ਖੁਫੀਆ ਏਜੰਸੀਆਂ ਦਾ ਇਨਪੁਟ, ਪੰਜਾਬ ‘ਚ ਗੈਂਗਵਾਰ ਦਾ ਖ਼ਤਰਾ
ਸਾਡੇ ਨਾਲ ਜੁੜੋ : Twitter Facebook youtube