- ਮਨਜ਼ੂਰਸ਼ੁਦਾ ਰੇਟ ਨਾਲੋਂ ਦੁੱਗਣੀ ਕੀਮਤ ‘ਤੇ ਖਰੀਦੀਆਂ ਸਟਰੀਟ ਲਾਈਟਾਂ
- ਬਿਨਾ ਸਟਰੀਟ ਲਾਈਟਾਂ ਲਾਏ ਤਿਆਰ ਕੀਤਾ ਮੁਕੰਮਲਤਾ ਸਰਟੀਫਿਕੇਟ
ਇੰਡੀਆ ਨਿਊਜ਼, ਚੰਡੀਗੜ੍ਹ (Punjab Crime news) : ਰਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਸਿੱਧਵਾਂ ਬੇਟ ਬਲਾਕ, ਲੁਧਿਆਣਾ ਦੇ ਬੀਡੀਪੀਓ ਸਤਵਿੰਦਰ ਸਿੰਘ ਕੰਗ ਅਤੇ ਸਿੱਧਵਾਂ ਬੇਟ ਬਲਾਕ ਸਮਿਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੂੰ 26 ਪਿੰਡਾਂ ਵਿੱਚ ਲਗਾਈਆਂ ਜਾਣ ਵਾਲੀਆਂ ਸਟਰੀਟ ਲਾਈਟਾਂ ਨੂੰ ਮਨਜ਼ੂਰਸ਼ੁਦਾ ਰੇਟ ਤੋਂ ਦੁੱਗਣੀ ਕੀਮਤ ‘ਤੇ ਖਰੀਦ ਕੇ ਸਰਕਾਰੀ ਫੰਡਾਂ ਵਿੱਚ 65 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇਹ ਆਰੋਪ ਸਹੀ ਪਾਏ ਗਏ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਸਤਵਿੰਦਰ ਸਿੰਘ ਬੀਡੀਪੀਓ (ਹੁਣ ਮੁਅੱਤਲ) ਨੂੰ ਸਿੱਧਵਾਂ ਬੇਟ ਬਲਾਕ ਵਿੱਚ ਆਪਣੀ ਤਾਇਨਾਤੀ ਦੌਰਾਨ 26 ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਸਰਕਾਰੀ ਗਰਾਂਟ ਪ੍ਰਾਪਤ ਹੋਈ ਸੀ। ਫੰਡਾਂ ਵਿੱਚ ਹੇਰਾਫੇਰੀ ਕਰਨ ਲਈ ਉਕਤ ਬੀਡੀਪੀਓ ਨੇ ਮੈਸਰਜ਼ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ਿਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲੀਭੁਗਤ ਜ਼ਰੀਏ 3325 ਰੁਪਏ ਦੇ ਪ੍ਰਵਾਨਿਤ ਰੇਟ ਦੇ ਮੁਕਾਬਲੇ ਜਾਣਬੁੱਝ ਕੇ 7,288 ਰੁਪਏ ਪ੍ਰਤੀ ਲਾਈਟ ਦੇ ਹਿਸਾਬ ਨਾਲ ਇਹ ਲਾਈਟਾਂ ਖਰੀਦੀਆਂ ਸਨ। ਇਸ ਤਰ੍ਹਾਂ ਉਸ ਨੇ 65 ਲੱਖ ਰੁਪਏ ਦੀ ਸਰਕਾਰੀ ਗਰਾਂਟ ਦਾ ਘਪਲਾ ਕਰਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ।
ਜਾਂਚ ਦੌਰਾਨ ਬਾਅਦ ਵਿੱਚ ਸਿੱਧਵਾਂ ਬੇਟ ਬਲਾਕ ਸਮਿਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਵਿੱਚ ਬੀਡੀਪੀਓ ਅਤੇ ਚੇਅਰਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਾਰੇ ਹੋਰ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 29 ਸਤੰਬਰ ਤੱਕ ਮੁਲਤਵੀ
ਇਹ ਵੀ ਪੜ੍ਹੋ: ਅਮਨਦੀਪ ਸਿੰਘ ਮੋਹੀ ਨੇ ਮਾਰਕਫੈੱਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਸਾਡੇ ਨਾਲ ਜੁੜੋ : Twitter Facebook youtube