Punjab Crime News : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇੱਕ ਨਸ਼ਾ ਤਸਕਰ ਨੂੰ ਅੱਠ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਜੋਗਾ ਸਿੰਘ ਲੁਧਿਆਣਾ ਦੇ ਪਿੰਡ ਰਾਜਾਪੁਰ ਦਾ ਰਹਿਣ ਵਾਲਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਜੋਗਾ ਅੰਤਰਰਾਸ਼ਟਰੀ ਨਸ਼ਾ ਤਸਕਰ ਹੈ। ਉਹ ਹੈਰੋਇਨ ਦੀ ਖੇਪ ਲੈਣ ਲਈ ਪਾਕਿਸਤਾਨ ਦੇ ਅਧਿਕਾਰ ਖੇਤਰ ਵਿੱਚ ਗਿਆ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਐਨਡੀਪੀਐਸ ਐਕਟ ਤਹਿਤ ਕਈ ਕੇਸਾਂ ਵਿੱਚ ਲੋੜੀਂਦਾ ਹੈ ਅਤੇ ਉਸ ਦੇ ਦੋ ਸਾਥੀਆਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵੱਲੋਂ 14 ਕਿਲੋ ਹੈਰੋਇਨ ਬਰਾਮਦ ਕਰਕੇ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਸ਼ਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਦਰਿਆਈ ਰਸਤੇ ਰਾਹੀਂ ਪਾਕਿਸਤਾਨ ਸਥਿਤ ਸਮੱਗਲਰਾਂ ਅਤੇ ਏਜੰਸੀਆਂ ਵੱਲੋਂ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਮਿਲੀ ਹੈ।
ਉਨ੍ਹਾਂ ਕਿਹਾ ਕਿ ਹੈਰੋਇਨ ਦੀ ਇਹ ਖੇਪ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਲਗਾਤਾਰ ਜਾਂਚ ਦੇ ਨਤੀਜੇ ਵਜੋਂ ਬਰਾਮਦ ਹੋਈ ਹੈ। ਐਸਐਸਪੀ ਜਲੰਧਰ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਮੁਲਜ਼ਮ ਜੋਗਾ ਸਿੰਘ ਬਾਰੇ ਠੋਸ ਸੂਚਨਾ ਸੀ, ਜਿਸ ਕੋਲ ਹੈਰੋਇਨ ਦੀ ਖੇਪ ਸੀ ਅਤੇ ਉਹ ਕਿਸੇ ਨੂੰ ਪਹੁੰਚਾਉਣ ਵਾਲਾ ਸੀ।
ਸੂਚਨਾ ਦੇ ਆਧਾਰ ‘ਤੇ ਥਾਣਾ ਗੁਰਾਇਆ ਦੀ ਪੁਲਸ ਟੀਮ ਨੇ ਪਿੰਡ ਧੂਲੇਟਾ ਨੇੜੇ ਵਿਸ਼ੇਸ਼ ਨਾਕਾ ਲਗਾ ਕੇ ਆਪਣੇ ਪਲੈਟੀਨਾ ਮੋਟਰਸਾਈਕਲ ‘ਤੇ ਖੇਪ ਦੀ ਡਿਲੀਵਰੀ ਕਰਨ ਜਾ ਰਹੇ ਜੋਗਾ ਸਿੰਘ ਨੂੰ ਕਾਬੂ ਕੀਤਾ। ਉਸ ਨੇ ਇਸ ਨੂੰ ਆਪਣੇ ਕੋਲ ਇੱਕ ਬੈਗ ਵਿੱਚ ਛੁਪਾ ਲਿਆ ਸੀ ਅਤੇ ਪੁਲੀਸ ਨੇ ਅੱਠ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਐਸਐਸਪੀ ਨੇ ਦੱਸਿਆ ਕਿ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਛਗਿੱਛ ਜਾਰੀ ਹੈ। ਇਸ ਸਬੰਧੀ ਵੀਰਵਾਰ ਨੂੰ ਗੁਰਾਇਆ ਪੁਲਿਸ ਸਟੇਸ਼ਨ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 25 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਹਿਲਾ ਸਮੱਗਲਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ
SSOC ਅੰਮ੍ਰਿਤਸਰ ਨੇ ਸਰਹੱਦ ਪਾਰ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸ਼ਿੰਦਰ ਸਿੰਘ ਨਾਮਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 10 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਮੋਡਿਊਲ ਨਾਲ ਸਬੰਧਤ ਇੱਕ ਮਹਿਲਾ ਸਮੱਗਲਰ ਅਮਨਦੀਪ ਕੌਰ ਉਰਫ਼ ਦੀਪ ਭਾਈ ਨੂੰ ਵੀ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਜੋਗਾ ਸਿੰਘ ਕੋਲੋਂ ਅੱਠ ਕਿਲੋ ਹੈਰੋਇਨ ਬਰਾਮਦ ਹੋਣ ਨਾਲ ਇਸ ਮੋਡਿਊਲ ਕੋਲੋਂ ਬਰਾਮਦ ਹੋਈ ਕੁੱਲ ਹੈਰੋਇਨ 22 ਕਿਲੋ ਹੋ ਗਈ ਹੈ।