- ਖੇਤੀਬਾੜੀ ਮੰਤਰੀ ਧਾਲੀਵਾਲ ਨੇ ਬੈਂਗਲੁਰੂ ਵਿਖੇ ਕੇਂਦਰੀ ਮੰਤਰੀ ਤੋਮਰ ਨੂੰ ਮਿਲ ਕੇ ਕੀਤੀ ਮੰਗ
ਇੰਡੀਆ ਨਿਊਜ਼, ਚੰਡੀਗੜ੍ਹ/ਬੈਂਗਲੁਰੂ : ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਨਿੱਜੀ ਤੌਰ ਮਿਲ ਕੇ ਪੱਤਰ ਸੌਂਪਦਿਆਂ ਸੂਬੇ ਦੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿੱਚੋਂ ਕੱਢਣ, ਕਣਕ-ਝੋਨੇ ਦੇ ਚੱਕਰ ਚੋਂ ਬਾਹਰ ਕੱਢ ਕੇ ਫ਼ਸਲੀ ਵਿਭਿੰਨਤਾ ਅਤੇ ਫਲਾਂ ਤੇ ਸਬਜ਼ੀਆਂ ਦੀ ਖੇਤੀ ਨੂੰ ਉਤਸ਼ਾਹਤ ਕਰਨ, ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹਣ, ਕੰਡਿਆਲੀ ਤਾਰ ਪਾਰਲੇ ਕਿਸਾਨਾਂ ਦੀ ਔਕੜ ਘਟਾਉਣ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਬੱਚਤ ਤੇ ਕੀੜਿਆਂ ਆਦਿ ਦੇ ਹਮਲੇ ਤੋਂ ਬਚਾਉਣ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਲਈ ਵੱਡਾ ਆਰਥਿਕ ਪੈਕੇਜ ਮੰਗਿਆ ਹੈ। ਇਸ ਤੋਂ ਇਲਾਵਾ ਮੱਧ ਪੂਰਬ ਤੱਕ ਖੇਤੀਬਾੜੀ ਤੇ ਬਾਗਬਾਨੀ ਉਤਪਾਦਾਂ ਦਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਹੈ ਤਾਂ ਜੋ ਸੂਬੇ ਦਾ ਕਿਸਾਨ ਖੁਸ਼ਹਾਲ ਹੋ ਸਕੇ।
ਧਾਲੀਵਾਲ ਨੇ ਕੌਮੀ ਕਾਨਫਰੰਸ ਦੌਰਾਨ ਕੀਤੀ ਮੁਲਾਕਾਤ
ਧਾਲੀਵਾਲ ਬੈਂਗਲੁਰੂ ਵਿਖੇ ਸੂਬਿਆਂ ਦੇ ਖੇਤੀਬਾੜੀ ਤੇ ਬਾਗਬਾਨੀ ਮੰਤਰੀਆਂ ਦੀ ਕੌਮੀ ਕਾਨਫਰੰਸ ਦੌਰਾਨ ਪੁੱਜੇ ਹੋਏ ਹਨ ਜਿੱਥੇ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰ ਕੇ ਸੂਬੇ ਦੇ ਕਿਸਾਨਾਂ ਲਈ ਆਰਥਿਕ ਰਾਹਤ ਦੀ ਮੰਗ ਕੀਤੀ ਹੈ। ਧਾਲੀਵਾਲ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਛੋਟਾ ਕਿਸਾਨ ਇਸ ਵੇਲੇ ਕਰਜ਼ੇ ਦੇ ਜਾਲ ਵਿੱਚ ਫਸਿਆ ਹੋਇਆ ਹੈ।ਸੂਬੇ ਦੇ ਕਿਸਾਨਾਂ ਸਿਰ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿੱਥੇ ਪਾਕਿਸਤਾਨ ਹਮੇਸ਼ਾ ਸੂਬੇ ਦੀ ਦੀ ਵੱਡੀ ਕਿਸਾਨ ਆਬਾਦੀ ਦੀਆਂ ਕਮਜ਼ੋਰੀਆਂ ਦੀ ਭਾਲ ਵਿਚ ਰਹਿੰਦਾ ਹੈ l ਜੋ ਕਿ ਨਸ਼ਿਆਂ ਅਤੇ ਅਤਿਵਾਦ ਨੂੰ ਹੁਲਾਰਾ ਦੇ ਕੇ ਇਸ ਨੂੰ ਹੋਰ ਕਮਜ਼ੋਰ ਕੀਤਾ ਜਾ ਸਕੇ। ਇਸ ਲਈ ਰਾਜ ਨੂੰ ਕਰਜ਼ਾ ਮੁਆਫੀ ਫੰਡ ਦਿੱਤਾ ਜਾਵੇ।
ਇਨ੍ਹਾਂ ਕਿਸਾਨਾਂ ਲਈ ਮੰਗਿਆ ਮੁਆਵਜਾ
ਇਸੇ ਤਰ੍ਹਾਂ ਸਰਹੱਦ ਦੇ ਨਾਲ ਲੱਗਦੀ ਕੰਡਿਆਲੀ ਤਾਰ ਤੋਂ ਪਾਰ 150 ਫੁੱਟ ਚੌੜੀ 425 ਕਿਲੋਮੀਟਰ ਲੰਬੀ ਬੇਟ ਵਿੱਚ 14000 ਏਕੜ ਵਾਲੇ ਕਿਸਾਨਾਂ ਨੂੰ ਉਨ੍ਹਾਂ ਉੱਤੇ ਲਗਾਈਆਂ ਪ੍ਰਤੀਕੂਲ ਸ਼ਰਤਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। ਉਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਕਰ ਸਕਦੇ ਹਨ ਅਤੇ ਤਿੰਨ ਫੁੱਟ ਤੋਂ ਉੱਚੀ ਫਸਲਾਂ ਦੀ ਪੈਦਾਵਾਰ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਨੂੰ 15000 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜੋ : ਪੰਜਾਬ ਪੁਲਿਸ ਨੇ ਮਹਾਰਾਸ਼ਟਰ ਤੋਂ 73 ਕਿਲੋ ਹੈਰੋਇਨ ਬਰਾਮਦ ਕੀਤੀ
ਸਾਡੇ ਨਾਲ ਜੁੜੋ : Twitter Facebook youtube