Regional Saras Fair : ‘ਖੇਤਰੀ ਸਰਸ ਮੇਲੇ’ ਦੀ ਪਹਿਲੀ ਵਾਰ ਮੇਜ਼ਬਾਨੀ ਕਰੇਗਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ – ਡਿਪਟੀ ਕਮਿਸ਼ਨਰ

0
143
Regional Saras Fair

India News (ਇੰਡੀਆ ਨਿਊਜ਼), Regional Saras Fair, ਚੰਡੀਗੜ੍ਹ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇਸ਼ ਅਤੇ ਵਿਦੇਸ਼ਾਂ ਵਿੱਚ ਬੇਹੱਦ ਪ੍ਰਸਿੱਧੀ ਖੱਟਣ ਵਾਲੇ ‘ਖੇਤਰੀ ਸਰਸ ਮੇਲਾ’ ਦੀ ਪਹਿਲੀ ਵਾਰ ਮੋਹਾਲੀ ਵਿਖੇ ਮੇਜ਼ਬਾਨੀ ਕਰੇਗਾ। ਇਹ ਪ੍ਰਗਟਾਵਾ ਕਰਦਿਆਂ DC ਆਸ਼ਿਕਾ ਜੈਨ ਨੇ ਦੱਸਿਆ ਕਿ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਲੱਗਣ ਵਾਲੇ ਇਸ ਮੇਲੇ ਦੀ ਮੇਜ਼ਬਾਨੀ ਕਰਨ ਦਾ ਸਾਡੇ ਜ਼ਿਲ੍ਹੇ ਨੂੰ ਪਹਿਲੀ ਵਾਰ ਅਵਸਰ ਪ੍ਰਾਪਤ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੇਲਾ ਸਥਾਨਕ ਸੈਕਟਰ 88 ਵਿਖੇ 16 ਫ਼ਰਵਰੀ ਤੋਂ 25 ਫ਼ਰਵਰੀ, 2024 ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਕਈ ਸੂਬਿਆਂ ਦੇ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈਣਗੇ, ਜਦਕਿ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖ਼ਤ ਅਤੇ ਮੌਜ-ਮਸਤੀ ਦਾ ਆਨੰਦ ਮਾਣਨਗੇ। ਉਨ੍ਹਾਂ ਇਸ ਮੇਜ਼ਬਾਨੀ ਲਈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ।

ਮੇਲੇ ਵਿੱਚ 300 ਤੋਂ 350 ਦੇ ਦਰਮਿਆਨ ਸਟਾਲਾਂ

ਡਿਪਟੀ ਕਮਿਸ਼ਨਰ ਵੱਲੋਂ ਇਸ ‘ਖੇਤਰੀ ਸਰਸ ਮੇਲੇ’ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸਮੇਂ ਸਿਰ ਨੇਪਰੇ ਚਾੜਨ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੀਆਂ ਵੱਖ-ਵੱਖ ਕਮੇਟੀਆਂ ਗਠਿਤ ਕਰਕੇ ਕੰਮ ਵੀ ਅਲਾਟ ਕਰ ਦਿੱਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੇਲਾ ਨੋਡਲ ਅਫ਼ਸਰ ਸੋਨਮ ਚੌਧਰੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਕਲਾਕਾਰ ਅਤੇ ਦਸਤਕਾਰ ਪਹੁੰਚਣ ਦੀ ਸੰਭਾਵਨਾ ਹੈ। ਮੇਲੇ ਵਿੱਚ 300 ਤੋਂ 350 ਦੇ ਦਰਮਿਆਨ ਸਟਾਲਾਂ (ਦੁਕਾਨਾਂ) ਲਗਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਫੂਡ ਸਟਾਲ ਵੀ ਸ਼ਾਮਿਲ ਹੋਣਗੇ।

ਮੇਲੇ ਦੌਰਾਨ ਫੂਡ ਸਟਾਲਾਂ ਤੇ ਵੱਖ-ਵੱਖ ਸੂਬਿਆਂ ਦੇ ਪਕਵਾਨ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਫਨਕਾਰਾਂ ਵੱਲੋਂ ਆਪਣੀ ਵਿਰਾਸਤੀ ਅਤੇ ਸਭਿਆਚਾਰਕ ਕਲਾ ਦੇ ਰੰਗ ਵੀ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸਫ਼ਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਦੀ ਸਫ਼ਲਤਾ ਵਿੱਚ ਕੋਈ ਕਸਰ ਬਾਕੀ ਨਾ ਰਹੇ।

ਮੇਲੇ ਦੇ ਪ੍ਰਬੰਧਾਂ ਲਈ ਬਣਾਈਆਂ ਗਈਆਂ ਕਮੇਟੀਆਂ

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਹਰਵੀਰ ਕੌਰ (ਪੀ ਸੀ ਐਸ (ਯੂ ਟੀ)) ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਰਿੰਦਰ ਪਾਲ ਸਿੰਘ ਚੌਹਾਨ ਨੂੰ ਸਹਾਇਕ ਮੇਲਾ ਨੋਡਲ ਅਫ਼ਸਰ ਲਾਇਆ ਗਿਆ ਹੈ। ਮੇਲੇ ਦੇ ਪ੍ਰਬੰਧਾਂ ਲਈ ਬਣਾਈਆਂ ਗਈਆਂ ਕਮੇਟੀਆਂ ਚ ਕਾਰਜਕਾਰਣੀ ਕਮੇਟੀ ਅਤੇ ਖਰੀਦ ਕਮੇਟੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ ਦੀ ਅਗਵਾਈ ਹੇਠ ਕੰਮ ਕਰਨਗੀਆਂ। ਸਾਈਟ ਦੀ ਚੋਣ/ਯੋਜਨਾਬੰਦੀ ਅਤੇ ਵਿਕਾਸ ਕਮੇਟੀ ਅਤੇ ਪ੍ਰਚਾਰ ਕਮੇਟੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਦੀ ਅਗਵਾਈ ਹੇਠ ਕੰਮ ਕਰਨਗੀਆਂ।

ਰਿਹਾਇਸ਼ੀ ਪ੍ਰਬੰਧਾਂ ਸਬੰਧੀ ਕਮੇਟੀ ਵਧੀਕ ਮੁੱਖ ਪ੍ਰਸ਼ਾਸਕ, ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ, ਅਮਰਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਹੈ। ਮਨੋਰੰਜਨ ਕਮੇਟੀ, ਸਪੋਂਸਰਸ਼ਿਪ ਕਮੇਟੀ ਅਤੇ ਸੱਦਾ ਪੱਤਰ/ਸੋਵਿਨਾਰ/ਫਲੈਕਸ/ ਟਿਕਟ/ਆਈ ਡੀ ਕਾਰਡ ਆਦਿ ਦੀ ਪ੍ਰਿੰਟਿੰਗ ਅਤੇ ਡਿਜ਼ਾਇਨਿੰਗ ਕਮੇਟੀ ਦੇ ਮੁਖੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਹੋਣਗੇ।

ਇਹ ਵੀ ਪੜ੍ਹੋ :Web Portal Launched : ਪੰਜਾਬ ਮੰਡੀ ਬੋਰਡ ਵੱਲੋਂ ਆਨਲਾਈਨ ਬੁਕਿੰਗ ਲਈ ਵੈਬ ਪੋਰਟਲ ਦੀ ਕੀਤੀ ਜਾ ਰਹੀ ਸ਼ੁਰੂਆਤ

 

SHARE