ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਅੱਜ ਤੋਂ ਮਿਲਣੀ ਸ਼ੁਰੂ : ਖੇਤੀ ਮੰਤਰੀ

0
179
Relief For Sugarcane Farmers
Relief For Sugarcane Farmers

ਫਗਵਾੜਾ ਮਿਲ ਦਾ ਕੋਈ ਹੋਰ ਪ੍ਰਬੰਧ ਨਾ ਹੋਇਆ ਤਾਂ ਸਰਕਾਰ ਚਲਾਏਗੀ ਮਿਲ

ਮਿਲ ਪ੍ਰਬੰਧਕਾਂ ਕੋਲੋਂ ਕਿਸਾਨਾਂ ਦਾ ਨਿੱਕਾ-ਨਿੱਕਾ ਪੈਸਾ ਵਸੂਲ ਕੀਤਾ ਜਾਵੇਗਾ

ਇੰਡੀਆ ਨਿਊਜ਼, ਚੰਡੀਗੜ (Relief For Sugarcane Farmers): ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰਾਂ ਨਾਲ ਸਥਾਨਕ ਮੀਟਿੰਗ ਹਾਲ ਵਿਚ ਗੱਲਬਾਤ ਕਰਦੇ ਕਿਹਾ ਕਿ ਫਗਵਾੜਾ ਦੀ ਮੈਸ. ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵੱਲੋਂ ਕਿਸਾਨਾਂ ਦੇ ਰੋਕੇ ਗਏ ਕਰੀਬ 72 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਸੋਮਵਾਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਉਕਤ ਮਿਲ ਦੀ ਹਰਿਆਣਾ ਸਥਿਤ ਜਾਇਦਾਦ ਵੇਚ ਕੇ ਮਿਲ ਦੇ ਖਾਤੇ ਵਿਚ ਕਰੀਬ 23.76 ਕਰੋੜ ਰੁਪਏ ਆ ਗਏ ਹਨ। ਉਨਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਬਾਕੀ ਬਕਾਇਆ ਰਾਸ਼ੀ ਵੀ ਮਿਲ ਪ੍ਰਬੰਧਕਾਂ ਕੋਲੋਂ ਵਸੂਲ ਕੀਤੀ ਜਾਵੇਗੀ ਜਿਸ ਲਈ ਸਰਕਾਰ ਵੱਲੋਂ ਮਿਲ ਦੇ ਮਾਲਕਾਂ ਦੀ ਨਿੱਜੀ ਜਾਇਦਾਦ ਨੂੰ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

ਸਮਝੌਤਾ ਸਿਰੇ ਨਾ ਚੜਿਆ ਤਾਂ ਸਰਕਾਰ ਖ਼ੁਦ ਮਿਲ ਚਲਾਏਗੀ

ਖੇਤੀ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਆ ਰਹੇ ਗੰਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮਿਲ ਦੇ ਮੌਜੂਦਾ ਮਾਲਕਾਂ ਤੋਂ ਇਲਾਵਾ ਕਈ ਨਿੱਜੀ ਮਿਲਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਇੰਨਾਂ ਧਿਰਾਂ ਨਾਲ ਸਾਡਾ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਸਰਕਾਰ ਖ਼ੁਦ ਇਹ ਖੰਡ ਮਿਲ ਚਲਾਏਗੀ, ਪਰ ਕਿਸਾਨਾਂ ਦਾ ਗੰਨਾ ਨਹੀਂ ਰੁਲਣ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਅਤੇ ਅਸੀਂ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਮਜ਼ਬੂਤ ਕਰਨਾ ਚਾਹੁੰਦੇ ਹਾਂ, ਕਿਉਂਕਿ ਪੰਜਾਬ ਦੀ 75 ਫੀਸਦੀ ਅਬਾਦੀ ਸਿੱਧੇ ਜਾਂ ਅਸਿੱਧੇ ਤੌਰ ਉਤੇ ਖੇਤੀ ਨਾਲ ਜੁੜੀ ਹੋਈ ਹੈ।

ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਪੈਰਾਂ ਸਿਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੇਰੀ ਸਾਰੀਆਂ ਕਿਸਾਨ ਧਿਰਾਂ ਤੇ ਯੂਨੀਅਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਕਿਸੇ ਵੀ ਮਸਲੇ ਉਤੇ ਧਰਨਾ ਲਗਾਉਣ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਲਈ ਮੇਜ਼ ਤੇ ਆ ਕੇ ਬੈਠਣ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਕੇਨ ਕਮਿਸ਼ਨਰ ਰਜੇਸ਼ ਕੁਮਾਰ ਰਹੇਜਾ, ਸੁਖਜਿੰਦਰ ਸਿੰਘ  ਬਾਜਵਾ ਸਹਾਇਕ ਕੇਨ ਕਮਿਸ਼ਨਰ, ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ, ਸਤਵਿੰਦਰ ਸਿੰਘ ਸੰਧੂ ਤੇ ਕਿਸਾਨ ਯੂਨੀਅਨ ਵੱਲੋਂ ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

ਇਹ ਵੀ ਪੜ੍ਹੋ: ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ

ਸਾਡੇ ਨਾਲ ਜੁੜੋ :  Twitter Facebook youtube

SHARE