Research Of Punjabi University : ਪੰਜਾਬੀ ਯੂਨੀਵਰਸਿਟੀ ਦੀ ਖੋਜ : ਪਰਿਵਾਰ ਤੋਂ ਦੂਰ ਹੋਣ ਕਾਰਨ, ਪੈਦਾ ਹੋਣ ਵਾਲ਼ੇ ਮਾਨਸਿਕ ਰੋਗ ਦੇ ਭਾਰਤੀ ਨੌਜਵਾਨਾਂ ਉੱਤੇ ਅਸਰ

0
68
Research Of Punjabi University
ਵਿਸ਼ਵ ਪ੍ਰਸਿੱਧ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਾਹਰੀ ਦ੍ਰਿਸ਼।

India News (ਇੰਡੀਆ ਨਿਊਜ਼), Research Of Punjabi University, ਚੰਡੀਗੜ੍ਹ : ਆਪਣੇ ਮਾਪਿਆਂ ਜਾਂ ਹੋਰ ਨੇੜਲਿਆਂ ਤੋਂ ਦੂਰ ਹੋਣ ਜਾਂ ਵਿਛੋੜਾ ਪੈਣ ਕਾਰਨ ਪੈਦਾ ਹੋਣ ਵਾਲ਼ੇ ਮਾਨਸਿਕ ਰੋਗ ‘ਅਡਲਟ ਸੈਪਰੇਸ਼ਨ ਐਂਗਜ਼ਾਇਟੀ ਡਿਸਔਰਡਰ’ ਦੇ ਭਾਰਤ ਵਿਚਲੇ ਨੌਜਵਾਨਾਂ ਉੱਤੇ ਅਸਰ ਬਾਰੇ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਤਾਜ਼ਾ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਖੋਜਾਰਥੀ ਆਸਥਾ ਵਰਮਾ ਵੱਲੋਂ ਕੀਤਾ ਗਿਆ ਇਹ ਅਧਿਐਨ ਭਾਰਤ ਵਿੱਚ ਇਸ ਖੇਤਰ ਦਾ ਪਹਿਲਾ ਅਧਿਐਨ ਹੈ।

Research Of Punjabi University
ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਹਰਪ੍ਰੀਤ ਕੌਰ

ਏ. ਐੱਸ. ਏ. ਡੀ. ਦੇ ਸੰਖੇਪ ਨਾਮ ਨਾਲ਼ ਜਾਣੇ ਜਾਂਦੇ ਇਸ ਮਾਨਸਿਕ ਰੋਗ ਨੂੰ 2019 ਦੌਰਾਨ ਵਿਸ਼ਵ ਸਿਹਤ ਸੰਗਠਨ ਵੱਲੋਂ ਹੋਰਨਾਂ ਮਾਨਸਿਕ ਰੋਗਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਬਿਮਾਰੀਆਂ ਦੇ ਵਰਗੀਕਰਨ ਸੰਬੰਧੀ ਕੌਮਾਂਤਰੀ ਸੂਚੀ (ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ਼ ਡਿਸੀਜ਼ਜ਼) ਦੇ 11ਵੇਂ ਸੰਸਕਰਣ, ਜਿਸ ਨੂੰ ਕਿ ਆਈ.ਸੀ.ਡੀ.-11 ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ, ਵਿੱਚ ਇਸ ਮਾਨਸਿਕ ਰੋਗ ਨੂੰ ਸ਼ਾਮਿਲ ਕੀਤਾ ਗਿਆ ਹੈ।

ਭਾਵਨਾਤਮਕ ਤੌਰ ਉੱਤੇ ਆਜ਼ਾਦੀ ਵਾਲ਼ੀ ਸਥਿਤੀ

ਨਿਗਰਾਨ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਅਧਿਐਨ ਦੌਰਾਨ ਪ੍ਰਾਪਤ ਅੰਕੜੇ ਇਸ ਸੰਬੰਧੀ ਪੁਸ਼ਟੀ ਕਰਦੇ ਹਨ ਕਿ ਜਿਹੜੇ ਬੱਚੇ ਛੋਟੀ ਉਮਰ ਵਿੱਚ ਆਪਣੇ ਵੱਖ ਹੋਣ ਸੰਬੰਧੀ ਚਿੰਤਾ ਦਾ ਸ਼ਿਕਾਰ ਸਨ ਉਹੀ ਬੱਚੇ ਵੱਡੇ ਹੋ ਕੇ ਇਸ ਮਾਨਸਿਕ ਰੋਗ ਦਾ ਸ਼ਿਕਾਰ ਹੋਏ ਹਨ।

ਖੋਜਾਰਥੀ ਆਸਥਾ ਵਰਮਾ

ਖੋਜ ਸੁਝਾਉਂਦੀ ਹੈ ਕਿ ਜੇਕਰ ਛੋਟੀ ਉਮਰ ਵਿੱਚ ਬੱਚੇ ਆਪਣੇ ਮਾਪਿਆਂ ਦੇ ਨਾਲ਼ ਰਹਿੰਦੇ ਹੋਏ ਵੀ ਭਾਵਨਾਤਮਕ ਤੌਰ ਉੱਤੇ ਆਜ਼ਾਦੀ ਵਾਲ਼ੀ ਸਥਿਤੀ ਦੇ ਅਭਿਆਸੀ ਹਨ ਤਾਂ ਉਹ ਵੱਡੇ ਹੋ ਕੇ ਇਸ ਤਰ੍ਹਾਂ ਦੇ ਮਾਨਸਿਕ ਰੋਗ ਦਾ ਸ਼ਿਕਾਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਖੋਜ ਦਸਦੀ ਹੈ ਕਿ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਲਗਾਓ ਤਾਂ ਹੋਵੇ ਪਰ ਇਹ ਲਗਾਓ ਘਬਰਾਟ ਵਾਲ਼ਾ ਨਾ ਹੋਵੇ। ਬੱਚਿਆਂ ਨੂੰ ਸ਼ੁਰੂਆਤ ਵਿੱਚ ਹੀ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਨਜਿੱਠਣ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ।

ਮਾਨਸਿਕ ਪੱਖੋਂ ਤੰਦਰੁਸਤ ਬਾਲਗ

ਖੋਜ ਦਸਦੀ ਹੈ ਕਿ ਜੇਕਰ ਬਚਪਨ ਵਿੱਚ ਇਨ੍ਹਾਂ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਉਹ ਬੱਚੇ ਵੱਡੇ ਹੋ ਕੇ ਮਾਨਸਿਕ ਉਲਝਣਾਂ ਤੋਂ ਬਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਏ.ਐੱਸ.ਏ.ਡੀ. ਰੋਗ ਪੀੜਿਤ ਬਾਲਗਾਂ ਅਤੇ ਮਾਨਸਿਕ ਪੱਖੋਂ ਤੰਦਰੁਸਤ ਬਾਲਗਾਂ ਦੇ ਪ੍ਰਾਪਤ ਅੰਕੜਿਆਂ ਦੇ ਤੁਲਨਾਤਮਕ ਅਧਿਐਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਨਸਿਕ ਪੱਖੋਂ ਤੰਦਰੁਸਤ ਬਾਲਗ ਉਹੀ ਸਨ ਜਿਨ੍ਹਾਂ ਨੇ ਆਪਣੇ ਬਚਪਨ ਵਿੱਚ ਮਾਪਿਆਂ ਦੇ ਨਾਲ਼ ਰਹਿੰਦੇ ਹੋਏ ਵੀ ਆਪਣੀ ਇੱਕ ਆਜ਼ਾਦ ਹੋਂਦ ਵਿਕਸਿਤ ਕਰ ਲਈ ਸੀ। ਅਜਿਹੇ ਬੱਚੇ ਜ਼ਿੰਦਗੀ ਵਿਚਲੀ ਕਿਸੇ ਵੀ ਅਨਿਸ਼ਚਿਤਤਾ ਲਈ ਤਿਆਰ-ਬਰ-ਤਿਆਰ ਵਾਲ਼ੀ ਮਜ਼ਬੂਤ ਮਾਨਸਿਕ ਸਥਿਤੀ ਵਿੱਚ ਸਨ।

ਅੰਕੜਿਆਂ ਦਾ ਵੱਖ-ਵੱਖ ਪੱਧਰਾਂ ਉੱਤੇ ਵਿਸ਼ਲੇਸ਼ਣ

ਖੋਜਾਰਥੀ ਆਸਥਾ ਵਰਮਾ ਨੇ ਦੱਸਿਆ ਕਿ ਇਸ ਤਾਜ਼ਾ ਅਧਿਐਨ ਵਿੱਚ ਬਾਲਗ ਉਮਰ ਦੇ ਲੜਕੇ ਲੜਕੀਆਂ ਦਾ ਸਮੂਹ, ਜਿਨ੍ਹਾਂ ਵਿੱਚੋਂ ਵਿੱਚੋਂ 51.33 ਫ਼ੀਸਦੀ ਵਿਦਿਆਰਥੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ 339 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਜਾਂ ਪੀ.ਜੀ. ਵਿੱਚ ਰਹਿੰਦੇ ਸਨ, ਵਿੱਚ ਇਸ ਮਾਨਸਿਕ ਰੋਗ ਦੇ ਹੋਣ ਬਾਰੇ ਜਾਂਚ ਕੀਤੀ ਗਈ। ਜਾਂਚ ਦੌਰਾਨ ਜੁਟਾਏ ਗਏ ਅੰਕੜਿਆਂ ਦਾ ਵੱਖ-ਵੱਖ ਪੱਧਰਾਂ ਉੱਤੇ ਵਿਸ਼ਲੇਸ਼ਣ ਕੀਤਾ ਗਿਆ।

ਖੋਜ ਦੌਰਾਨ ਵੱਖ-ਵੱਖ ਨਤੀਜੇ ਸਾਹਮਣੇ ਆਏ। ਲਿੰਗ ਅਧਾਰਿਤ ਵਖਰੇਵੇਂ ਵੀ ਨਜ਼ਰ ਆਏ ਜਿਵੇਂ ਕਿ ਲੜਕਿਆਂ ਵਿੱਚ ਇਸ ਪੱਖੋਂ ਆਪਣੇ ਰੋਗ ਬਾਰੇ ਜਾਗਰੂਕਤਾ ਦੀ ਕਮੀ ਵੇਖਣ ਨੂੰ ਮਿਲੀ। ਖੋਜ ਦੌਰਾਨ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਰਾਹੀਂ ਇਸ ਡਿਸੌਅਰਡਰ ਦੀਆਂ ਪਛਾਣਾਂ, ਵਿਭਿੰਨਤਾਵਾਂ, ਦੁਰਪ੍ਰਭਾਵਾਂ ਆਦਿ ਬਾਰੇ ਬਰੀਕੀ ਨਾਲ਼ ਜਾਣਿਆ ਗਿਆ।

ਨੌਜਵਾਨ ਲੜਕੇ ਲੜਕੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ

ਉਨ੍ਹਾਂ ਦੱਸਿਆ ਕਿ ਭਾਰਤ ਦੇ 13 ਵੱਖ-ਵੱਖ ਰਾਜਾਂ ਵਿੱਚੋਂ ਪ੍ਰਾਪਤ ਅੰਕੜਿਆਂ ਉੱਤੇ ਅਧਾਰਿਤ ਇਸ ਅਧਿਐਨ ਰਾਹੀਂ ਸੁਝਾਇਆ ਗਿਆ ਕਿ ਸਕੂਲ ਅਤੇ ਯੂਨੀਵਰਸਿਟੀ ਪੱਧਰ ਉੱਤੇ ਵਿਸ਼ੇਸ਼ ਪ੍ਰੋਗਰਾਮ ਲਾਗੂ ਹੋਣੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਇਸ ਮਾਨਸਿਕ ਰੋਗ ਤੋਂ ਪੈਦਾ ਹੋਣ ਵਾਲ਼ੇ ਸੰਭਾਵਿਤ ਜੋਖ਼ਮਾਂ ਤੋਂ ਬਚਾਇਆ ਜਾ ਸਕੇ।

ਅਜਿਹੇ ਪ੍ਰੋਗਰਾਮਾਂ ਨਾਲ਼ ਇਸ ਮਾਨਸਿਕ ਰੋਗ ਤੋਂ ਪ੍ਰਭਾਵਿਤ ਨੌਜਵਾਨ ਲੜਕੇ ਲੜਕੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਾਜ਼ਾ ਅਧਿਐਨ ਰਾਹੀਂ ਪ੍ਰਾਪਤ ਨਤੀਜਿਆਂ ਅਤੇ ਅੰਕੜਿਆਂ ਦੀ ਵਰਤੋਂ ਮਨੋਵਿਗਿਆਨਕ ਮਾਹਿਰਾਂ ਵੱਲੋਂ ਅਗਲੇਰੀਆਂ ਖੋਜਾਂ ਲਈ ਜਾਂ ਇਸ ਮਾਨਸਿਕ ਰੋਗਾਂ ਤੋਂ ਪੀੜਿਤ ਲੋਕਾਂ ਦੇ ਇਲਾਜ ਵਿੱਚ ਵੀ ਮਦਦਗਾਰ ਹੋਵੇਗੀ।

ਇਹ ਵੀ ਪੜ੍ਹੋ :Kisan Aandolan 2.0 : ਕਿਸਾਨ ਅੰਦੋਲਨ ਛੇਵੇਂ ਦਿਨ ਵਿੱਚ ਦਾਖਲ: ਕਿਸਾਨਾਂ ਅਤੇ ਕੇਂਦਰ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਜਾਰੀ

 

SHARE