ਇੰਡੀਆ ਨਿਊਜ਼, ਚੰਡੀਗੜ੍ਹ : ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੇ ਮਕਸਦ ਨਾਲ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਪਿੰਡ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਪੰਚਾਇਤੀ ਫੰਡਾਂ ਵਿੱਚ 12.24 ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਪੰਚਾਇਤੀ ਫੰਡਾਂ ਵਿੱਚ ਵੱਖ-ਵੱਖ ਦੋਸ਼ੀਆਂ ਵੱਲੋਂ ਕੀਤੇ ਘਪਲੇ ਦੀ ਜਾਂਚ ਲਈ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਐਫਆਈਆਰ ਦਰਜ ਕੀਤੀ ਹੋਈ ਹੈ ਜਿਸ ਦੀ ਗਹਿਨ ਪੜਤਾਲ ਜਾਰੀ ਹੈ।
ਗ੍ਰਾਮ ਪੰਚਾਇਤ ਆਕੜੀ ਨੂੰ 51 ਕਰੋੜ ਰੁਪਏ ਮਿਲੇ ਸਨ
ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪੁੱਡਾ ਅਥਾਰਟੀ ਨੇ ਅੰਮ੍ਰਿਤਸਰ-ਕੋਲਕਾਤਾ ਏਕੀਕ੍ਰਿਤ ਕਾਰੀਡੋਰ ਦੀ ਉਸਾਰੀ ਲਈ 5 ਵੱਖ-ਵੱਖ ਪਿੰਡਾਂ ਦੀ 1104 ਏਕੜ ਸ਼ਾਮਲਾਤ ਜ਼ਮੀਨ ਐਕੁਆਇਰ ਕੀਤੀ ਸੀ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਲਾਕ ਦੇ 5 ਪਿੰਡਾਂ ਪੱਬਰਾ, ਤਖਤੂ ਮਾਜਰਾ, ਸੇਹਰਾ, ਸੇਹਰੀ ਅਤੇ ਆਕੜੀ ਨੂੰ ਕੁੱਲ 285 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੁੱਲ ਰਾਸ਼ੀ ਵਿੱਚੋਂ ਗ੍ਰਾਮ ਪੰਚਾਇਤ ਆਕੜੀ ਨੂੰ ਐਕੁਆਇਰ ਕੀਤੀ ਗਈ 183 ਏਕੜ 12 ਮਰਲੇ ਜ਼ਮੀਨ ਬਦਲੇ ਕਰੀਬ 51 ਕਰੋੜ ਰੁਪਏ ਮਿਲੇ ਸਨ।
ਇਸ ਤਰਾਂ ਕੀਤੀ ਹੇਰਾਫੇਰੀ
ਵਿਜੀਲੈਂਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਰਪੰਚ ਹਰਜੀਤ ਕੌਰ ਨੇ ਉਪਰੋਕਤ ਫੰਡਾਂ ਦੀ ਵਰਤੋਂ ਕਰਕੇ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ, ਪਰ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਨ੍ਹਾਂ ਕੰਮਾਂ ਦੀ ਫਿਜ਼ੀਕਲ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਹਰਜੀਤ ਕੌਰ ਵੱਲੋਂ ਪਿੰਡ ਦੇ ਛੱਪੜ, ਕਮਿਊਨਿਟੀ ਸੈਂਟਰ, ਸ਼ਮਸ਼ਾਨ ਘਾਟ, ਪੰਚਾਇਤ ਘਰ ਅਤੇ ਨਾਲੇ ਦੇ ਪਟੜੀ ਦੀ ਫਰਜ਼ੀ ਉਸਾਰੀ ਦੇ ਨਾਂਅ ਹੇਠ ਗ੍ਰਾਮ ਪੰਚਾਇਤ ਦੇ ਜਾਅਲੀ ਮਤੇ ਪਾਸ ਕਰਕੇ ਫੰਡਾਂ ਦੀ ਵੱਡੇ ਪੱਧਰ ‘ਤੇ ਦੁਰਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੰਮਾਂ ਨੂੰ ਸਹੀ ਸਾਬਤ ਕਰਨ ਲਈ ਉਸਨੇ ਵੱਖ-ਵੱਖ ਫਰਮਾਂ ਨੂੰ ਇਨ੍ਹਾਂ ਕੰਮਾਂ ਲਈ ਚੈੱਕਾਂ ਰਾਹੀਂ ਭੁਗਤਾਨ ਕੀਤਾ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਸਖ਼ਤੀ, ਦਹਿਸ਼ਤ ‘ਚ ਨਸ਼ਾ ਤਸਕਰ
ਇਹ ਵੀ ਪੜ੍ਹੋ: ਬਿਜਲੀ ਸੋਧ ਬਿੱਲ ਰਾਜਾਂ ਦੇ ਅਧਿਕਾਰਾਂ ‘ਤੇ ਹਮਲਾ: ਭਗਵੰਤ ਮਾਨ
ਸਾਡੇ ਨਾਲ ਜੁੜੋ : Twitter Facebook youtube