India News (ਇੰਡੀਆ ਨਿਊਜ਼), SDM Office Bill Clerk Arrested, ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਐਸ.ਡੀ.ਐਮ ਦਫਤਰ ਮੋਹਾਲੀ ਵਿਖੇ ਤਾਇਨਾਤ ਬਿਲ ਕਲਰਕ ਨਰਿੰਦਰ ਕੁਮਾਰ ਨੂੰ 20,000 ਰੁਪਏ ਰਿਸ਼ਵਤ ਲੈਂਦਾ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਬੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਯਾਦਵਿੰਦਰ ਸਿੰਘ ਵਾਸੀ ਪਿੰਡ ਲਾਂਡਰਾਂ, ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਸ਼ਿਕਾਇਤ ਕਰਤਾ ਤੋਂ ਉਸਦੇ ਸਹੁਰੇ ਕੇਸਰ ਸਿੰਘ, ਵਾਸੀ ਪਿੰਡ ਚਾਚੂ ਮਾਜਰਾ, ਐਸ.ਏ.ਐਸ. ਨਗਰ, ਦੇ ਜ਼ਮੀਨੀ ਸਮਝੌਤੇ ਮੁਕੱਦਮੇ ਦੀ ਅਦਾਲਤੀ ਫੀਸ ਦੀ ਵਾਪਸੀ ਨਾਲ ਸਬੰਧਤ 4,09,390 ਰੁਪਏ ਦੇ ਦੋ ਬਿਲਾਂ ਦੀ ਕਲੀਅਰੈਂਸ ਬਦਲੇ 40,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਸ਼ਿਕਾਇਤਕਰਤਾ ਯਾਦਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਦੋਸ਼ੀ ਪਹਿਲਾਂ ਹੀ 20,000 ਰੁਪਏ ਲੈ ਚੁੱਕਾ ਹੈ ਅਤੇ ਰਿਸ਼ਵਤ ਦੀ ਬਕਾਇਆ ਰਕਮ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਕਾਰਵਾਈ ਕੀਤੀ ਹੈ।
ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਸਕੂਐਡ-1, ਮੋਹਾਲੀ, ਪੰਜਾਬ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ :Lal Chand Kataruchak : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ