India News (ਇੰਡੀਆ ਨਿਊਜ਼), Shiromani Akali Dal Candidate NK Sharma, ਚੰਡੀਗੜ੍ਹ :
ਨਰਿੰਦਰ ਸ਼ਰਮਾ ਵੱਲੋਂ ਉਮੀਦਵਾਰ ਅਤੇ ਪਾਰਟੀਆਂ ਦੇ ਕਿਰਦਾਰ ਤੇ ਕੰਮ ਵੇਖ ਕੇ ਵੋਟ ਪਾਉਣ ਦਾ ਹੋਕਾ
ਦਲਬਦਲੂਆਂ ਅਤੇ ਲੋਕਾਂ ਤੋਂ ਮੂੰਹ ਮੋੜਨ ਵਾਲੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ
ਬਨੂੜ ਵਿਖੇ ਭਰਵੇਂ ਇਕੱਠ ਨੂੰ ਕੀਤਾ ਸੰਬੋਧਨ
ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਸ਼ਰਮਾ ਨੇ ਹਲਕੇ ਦੇ ਵੋਟਰਾਂ ਨੂੰ ਉਮੀਦਵਾਰਾਂ ਅਤੇ ਪਾਰਟੀਆਂ ਦੇ ਕਿਰਦਾਰ ਅਤੇ ਕੰਮ ਵੇਖ ਵੋਟ ਦੀ ਵਰਤੋਂ ਕਰਨ ਦਾ ਹੋਕਾ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਦਲਬਦਲੂਆਂ ਨੂੰ ਹਰਾਉਣ ਦਾ ਸੱਦਾ ਦਿੱਤਾ ਤਾਂ ਕਿ ਰਾਜ ਵਿੱਚੋਂ ਆਇਆ ਰਾਮ-ਗਿਆ ਰਾਮ ਦੀ ਸਿਆਸਤ ਖ਼ਤਮ ਹੋ ਸਕੇ। ਅੱਜ ਬਨੂੜ ਦੀ ਬੰਨੋ ਮਾਈ ਧਰਮਸ਼ਾਲਾ ਵਿਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਇੱਕ ਪਾਸੇ ਸਾਰੀਆਂ ਕੌਮੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਆਪ ਦੇ ਉਮੀਦਵਾਰ ਹਨ, ਦੂਜੇ ਪਾਸੇ ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਹੈ। (Shiromani Akali Dal Candidate NK Sharma)
ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ
ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਤੇ ਉਨ੍ਹਾਂ ਦੇ ਸਾਰੇ ਆਦੇਸ਼ ਦਿੱਲੀ ਤੋਂ ਆਉਂਦੇ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਹੈ ਤੇ ਰਾਜ ਦਾ ਵਿਕਾਸ ਕੀਤਾ ਹੈ। ਸ਼ਰਮਾ ਨੇ ਵਿਰੋਧੀ ਉਮੀਦਵਾਰਾਂ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪਿਛਲੀ ਵੇਰ ਕਾਂਗਰਸ ਦਾ ਹੱਥ ਫੜਨ ਵਾਲੀ ਪ੍ਰਨੀਤ ਕੌਰ ਹੁਣ ਭਾਜਪਾ ਤੋਂ ਵੋਟ ਮੰਗ ਰਹੇ ਹਨ। ਆਮ ਆਦਮੀ ਪਾਰਟੀ ਦੀ ਚੋਣ ਜਿੱਤੇ ਡਾ ਧਰਮਵੀਰ ਗਾਂਧੀ ਨੇ ਕਾਂਗਰਸ ਦਾ ਹੱਥ ਫਡ਼੍ਹ ਲਿਆ ਹੈ, ਤੇ ਤੀਜੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਾ ਕਰਨ ਵਾਲੀ ਹੁਕਮਰਾਨ ਪਾਰਟੀ ਦੇ ਡਾ ਬਲਬੀਰ ਸਿੰਘ ਹਨ।
ਅਕਾਲੀ ਸਰਕਾਰ ਸਮੇਂ ਬਨੂੜ ਵਿਖੇ ਹੋਏ ਕੰਮਾਂ ਬਾਰੇ
ਉਨ੍ਹਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਹਮੇਸ਼ਾ ਬੰਦ ਰਹਿੰਦੇ ਹਨ, ਜਦੋਂ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅਤੇ ਮੋਬਾਈਲ ਜਦੋਂ ਤੋਂ ਉਹ ਸਿਆਸਤ ਵਿੱਚ ਆਏ ਹਨ ਚੌਵੀ ਘੰਟੇ ਖੁੱਲੇ ਰਹਿੰਦੇ ਹਨ। ਨਰਿੰਦਰ ਸ਼ਰਮਾ ਨੇ ਪਿਛਲੇ ਸਵਾ ਸੱਤ ਸਾਲ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਬਨੂੜ ਖੇਤਰ ਦਾ ਕੋਈ ਵਿਕਾਸ ਨਾ ਕਰਨ, ਕਿਸਾਨਾਂ ਦੇ ਟਿਊਬਵੈੱਲ ਕੁਨੈਕਸ਼ਨ ਨਾ ਦੇਣ, ਸ਼ਹਿਰ ਦੇ ਹਸਪਤਾਲ ਵਿੱਚ ਲੋਡ਼ੀਂਦੇ ਡਾਕਟਰ ਮੁਹੱਈਆ ਨਾ ਕਰਾਉਣ ਦੇ ਦੋਸ਼ ਲਾਏ। ਉਨ੍ਹਾਂ ਪਿਛਲੀ ਅਕਾਲੀ ਸਰਕਾਰ ਸਮੇਂ ਬਨੂੜ ਵਿਖੇ ਹੋਏ ਕੰਮਾਂ ਬਾਰੇ ਦਸਿਆ।
ਤੱਕੜੀ ਨੂੰ ਜਿਤਾਉਣ ਦੀ ਅਪੀਲ
ਉਨ੍ਹਾਂ ਪਾਰਟੀ ਵਰਕਰਾਂ ਨੂੰ ਪਹਿਲੀ ਜੂਨ ਤੱਕ ਦਾ ਸਮਾਂ ਉਨ੍ਹਾਂ ਨੂੰ ਦੇਣ ਅਤੇ ਅਗਲੇ ਪੰਜ ਸਾਲ ਹਲਕੇ ਦੇ ਵਿਕਾਸ ਦੀ ਗਾਰੰਟੀ ਦਿੰਦਿਆਂ ਤੱਕੜੀ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਇਕੱਠ ਨੂੰ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਸਾਬਕਾ ਕੌਂਸਲ ਪ੍ਰਧਾਨ ਹਰਬੰਸ ਲਾਲ ਉੱਤਮ, ਲਛਮਣ ਸਿੰਘ ਚੰਗੇਰਾ, ਸਾਧੂ ਸਿੰਘ, ਜਸਵੰਤ ਸਿੰਘ ਹੁਲਕਾ, ਸੋਨੂੰ ਸੰਧੂ, ਹਰਮਨ ਸਿੰਘ ਚੀਮਾ ਬਨੂੜ ਆਦਿ ਨੇ ਵੀ ਸੰਬੋਧਨ ਕੀਤਾ। ਪਾਰਟੀ ਵਰਕਰਾਂ ਵੱਲੋਂ ਨਰਿੰਦਰ ਸ਼ਰਮਾ ਦਾ ਸਨਮਾਨ ਵੀ ਕੀਤਾ ਗਿਆ।