- ਦਿਵਆਂਗ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ : ਦੀਪਤੀ ਉੱਪਲ
ਦਿਨੇਸ਼ ਮੌਦਗਿਲ, Ludhiana News : ਦਿਵਆਂਗ ਨੌਜਵਾਨਾਂ ਲਈ ਨਿਵੇਕਲੀ ਪਹਿਲ ਕਰਦਿਆਂ, ਲੁਧਿਆਣਾ ਪੰਜਾਬ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਇਨ੍ਹਾਂ ਨੌਜਵਾਨਾਂ ਲਈ ਇੱਕ ਸਮਰਪਿਤ ਹੁਨਰ ਵਿਕਾਸ ਕੇਂਦਰ ਸਥਾਪਤ ਕੀਤਾ ਗਿਆ ਹੈ। ਜਿਸਦਾ ਅੱਜ ਡਾਇਰੈਕਟਰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਪਤੀ ਉੱਪਲ ਵੱਲੋਂ ਸਥਾਨਕ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਵੋਕੇਸ਼ਨਲ ਸਟੱਡੀਜ਼ ਵਿੱਚ ਉਦਘਾਟਨ ਕੀਤਾ ਗਿਆ।
ਤਿੰਨ ਵੱਖ-ਵੱਖ ਟਰੇਡਾਂ ਲਈ ਸਿਖਲਾਈ ਦਿੱਤੀ ਜਾਵੇਗੀ
ਜੀਜੀਐਨ ਵਿਖੇ ਹੋਏ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮਿਸ਼ਨ ਡਾਇਰੈਕਟਰ ਦੀਪਤੀ ਉੱਪਲ ਨੇ ਕਿਹਾ ਕਿ ਇਸ ਵਿਲੱਖਣ ਪਹਿਲਕਦਮੀ ਦਾ ਪੂਰੇ ਪੰਜਾਬ ਵਿੱਚ ਵਿਸਤਾਰ ਕੀਤਾ ਜਾਵੇਗਾ। ਜਿਸ ਵਿੱਚ 180 ਦਿਵਆਂਗ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਟਰੇਡਾਂ ਲਈ ਮੁਫਤ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਵੇਗੀ। ਖਾਸ ਤੌਰ ‘ਤੇ, ਕੁੱਲ 60 ਚੁਣੇ ਗਏ ਵਿਦਿਆਰਥੀਆਂ ਨੂੰ ਡਾਟਾ ਐਂਟਰੀ ਆਪਰੇਟਰਾਂ ਦੀ 380-ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ।
ਪਹਿਲਕਦਮੀ ਮਾਨਵਤਾ ਦੀ ਸੱਚੀ ਸੇਵਾ
ਇਸ ਪਹਿਲਕਦਮੀ ਨੂੰ ਮਾਨਵਤਾ ਦੀ ਸੱਚੀ ਸੇਵਾ ਦੱਸਦਿਆਂ, ਮਿਸ਼ਨ ਡਾਇਰੈਕਟਰ ਨੇ ਸਰੀਰਕ ਤੌਰ ‘ਤੇ ਦਿਵਆਂਗ ਵਿਅਕਤੀਆਂ ਦੇ ਜੀਵਨ ਨੂੰ ਬਦਲਣ ਦੇ ਉਦੇਸ਼ ਨਾਲ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਡੀਐਮ) ਨਾਲ ਸਹਿਯੋਗ ਕਰਨ ਲਈ ਐਨਜੀਓ ਡੈਫ ਕ੍ਰਿਕਟ ਫੈਡਰੇਸ਼ਨ (ਡੀਸੀਐਫ) ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੀਐਸਡੀਐਮ ਵੱਧ ਤੋਂ ਵੱਧ ਦਿਵਆਂਗ ਵਿਅਕਤੀਆਂ ਦੀ ਸਹਾਇਤਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ ਤਾਂ ਜੋ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਇਆ ਜਾ ਸਕੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਿਵਆਂਗ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਬਿਹਤਰੀਨ ਢੰਗ ਨਾਲ ਸੇਵਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਵੀ ਆਪਣੇ ਆਪ ਨੂੰ ਸਮਾਜ ਦਾ ਅਟੁੱਟ ਅੰਗ ਵਜੋਂ ਮਹਿਸੂਸ ਕਰਨ। ਇਸ ਦੌਰਾਨ ਉਨ੍ਹਾਂ ਨਵੇਂ ਬਣੇ ਸੈਂਟਰ ਦਾ ਦੌਰਾ ਕੀਤਾ ਅਤੇ ਇਸ ਕੋਰਸ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਕੋਰਸ ਦਾ ਉਦੇਸ਼ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਦਾ ਉਦੇਸ਼ ਨਾ ਸਿਰਫ ਦਿਵਆਂਗ ਵਿਅਕਤੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨਾ ਹੈ, ਬਲਕਿ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੇ ਮੁਕੰਮਲ ਹੋਣ ਤੋਂ ਬਾਅਦ ਪਾਸ ਆਊਟ ਉਮੀਦਵਾਰਾਂ ਨੂੰ ਵੱਖ-ਵੱਖ ਕੈਂਪਾਂ ਰਾਹੀਂ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਵਿੱਚ ਹੋਰ ਮਦਦ ਕੀਤੀ ਜਾਵੇਗੀ। ਜਿਸ ਸਬੰਧੀ ਪਹਿਲਾਂ ਹੀ ਵਿਸਤ੍ਰਿਤ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਕੱਲ ਕਰਣਗੇ ਦੂਜਾ ਵਿਆਹ
ਇਹ ਵੀ ਪੜ੍ਹੋ : ਮਾਨ ਨੇ 100 ਦਿਨਾਂ ‘ਚ ਸੂਬੇ ‘ਚ ਕੀ ਅਤੇ ਕਿੰਨਾ ਬਦਲਿਆ?
ਸਾਡੇ ਨਾਲ ਜੁੜੋ : Twitter Facebook youtube