India News (ਇੰਡੀਆ ਨਿਊਜ਼), The Gangsters Were Arrested, ਚੰਡੀਗੜ੍ਹ : ਅਪਰਾਧੀਆਂ/ਗੈਂਗਸਟਰਾਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ, ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਜ਼ੀਰਕਪੁਰ ਪੁਲਿਸ ਦੀਆਂ ਟੀਮਾਂ ਨੇ ਗੈਂਗਸਟਰ ਗੋਲਡੀ ਬਰਾੜ ਅਤੇ ਸਾਬਾ ਯੂ ਐਸ ਏ ਦੇ ਤਿੰਨ ਹੋਰ ਸਾਥੀਆਂ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਮਨਜੀਤ ਉਰਫ ਗੁਰੀ ਅਤੇ ਗੁਰਪਾਲ ਸਿੰਘ ਨੂੰ ਹਥਿਆਰ ਅਤੇ ਅਸਲਾ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ।
ਡਾ. ਸੰਦੀਪ ਗਰਗ, ਆਈ.ਪੀ.ਐਸ., ਐਸ ਐਸ ਪੀ ਐਸ.ਏ.ਐਸ.ਨਗਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨਾਂ ਮਸ਼ਕੂਕਾਂ ਦੀ ਪਛਾਣ ਅਭਿਸ਼ੇਕ ਰਾਣਾ ਵਾਸੀ ਪਿੰਡ ਰਣਖੰਡੀ, ਸਹਾਰਨਪੁਰ ਯੂ ਪੀ, ਅੰਕਿਤ ਕੁਮਾਰ ਵਾਸੀ ਪਿੰਡ ਮੈਨਪੁਰੀ, ਐਸ.ਏ.ਐਸ. ਨਗਰ ਅਤੇ ਪ੍ਰਵੀਨ ਕੁਮਾਰ ਵਾਸੀ ਲਾਲੜੂ, ਐਸ.ਏ.ਐਸ. ਨਗਰ ਵਜੋਂ ਹੋਈ ਹੈ।
ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ
ਐਸ ਐਸ ਪੀ ਡਾ. ਗਰਗ ਨੇ ਅੱਗੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਦੀਆਂ ਟੀਮਾਂ ਨੇ ਗੋਲਡੀ ਬਰਾੜ ਅਤੇ ਸਾਬਾ ਯੂ ਐਸ ਏ ਦੁਆਰਾ ਟ੍ਰਾਈਸਿਟੀ ਵਿੱਚ ਸਨਸਨੀਖੇਜ਼ ਅਪਰਾਧ ਕਰਨ ਲਈ ਭੇਜੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਇੰਕਸਾਫ ਹੋਇਆ ਹੈ।
ਸ਼ੂਟਰ ਮਨਜੀਤ ਉਰਫ ਗੁਰੀ ਨੂੰ 6 ਨਵੰਬਰ, 2023 ਨੂੰ ਵਿਸ਼ੇਸ਼ ਗਸ਼ਤ ਦੌਰਾਨ ਵੀ.ਆਈ.ਪੀ ਰੋਡ ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸਦਾ ਇੱਕ ਹੋਰ ਸਾਥੀ ਗੁਰਪਾਲ ਜੋ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ, ਨੂੰ ਬਾਅਦ ਵਿੱਚ 16 ਨਵੰਬਰ, 2023 ਨੂੰ ਰਣਖੰਡੀ, ਜ਼ਿਲ੍ਹਾ ਸਹਾਰਨਪੁਰ, ਯੂ ਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਨ੍ਹਾਂ ਕੋਲੋਂ ਕੁੱਲ , 03 ਅਤਿ ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਇੱਕ ਐਫ.ਆਈ.ਆਰ. 331 ਅਧੀਨ ਧਰਾਵਾਂ 307, 353, 186 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਜ਼ੀਰਕਪੁਰ ਵਿਖੇ ਦਰਜ ਕੀਤਾ ਗਿਆ।
ਵੱਖ-ਵੱਖ ਥਾਵਾਂ ਤੋਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ
ਅਗਲੇਰੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤਿੰਨ ਹੋਰ ਸਾਥੀਆਂ ਅਭਿਸ਼ੇਕ, ਅੰਕਿਤ ਅਤੇ ਪ੍ਰਵੀਨ ਨੇ ਸ਼ੂਟਰਾਂ ਨੂੰ ਹਥਿਆਰ ਅਤੇ ਗੋਲੀ-ਸਿੱਕਾ ਮੁਹੱਈਆ ਕਰਵਾਇਆ ਸੀ। ਇਨ੍ਹਾਂ ਖੁਲਾਸਿਆਂ ‘ਤੇ ਅੱਗੇ ਕਾਰਵਾਈ ਕਰਦੇ ਹੋਏ, ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਮਨਪ੍ਰੀਤ ਸਿੰਘ, ਪੀ ਪੀ ਐਸ, ਐਸ ਪੀ (ਰੂਰਲ) ਅਤੇ ਬਿਕਰਮਜੀਤ ਸਿੰਘ ਬਰਾੜ, ਪੀ ਪੀ ਐਸ, ਡੀ ਐਸ ਪੀ ਜ਼ੀਰਕਪੁਰ ਦੀ ਨਿਗਰਾਨੀ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਸੂਚਨਾਵਾਂ ਦੇ ਆਧਾਰ ਤੇ ਇੰਸਪੈਕਟਰ ਸਿਮਰਜੀਤ ਸਿੰਘ (ਐਸ.ਐਚ.ਓ. ਜ਼ੀਰਕਪੁਰ) ਅਤੇ ਹੋਰ ਅਧਿਕਾਰੀਆਂ ਦੀ ਅਗਵਈ ਵਾਲੀਆਂ ਟੀਮਾਂ ਨੇ ਕੱਲ੍ਹ ਵੱਖ-ਵੱਖ ਥਾਵਾਂ ਤੋਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ।
ਕਿਸ ਦਾ ਕੀ ਰੋਲ ਰਿਹਾ
ਅਭਿਸ਼ੇਕ ਰਾਣਾ ਨੇ ਸਾਬਾ ਅਮਰੀਕਾ ਦੇ ਨਿਰਦੇਸ਼ਾਂ ‘ਤੇ ਸ਼ੂਟਰ ਗੁਰਪਾਲ ਨੂੰ ਰਣਖੰਡੀ, ਸਹਾਰਨਪੁਰ ਵਿਖੇ ਇੱਕ ਠਹਿਰ ਮੁਹੱਈਆ ਕਰਵਾਈ। ਅੰਕਿਤ ਕੁਮਾਰ ਨੇ ਪਿਛਲੇ ਅੱਠ ਮਹੀਨਿਆਂ ਵਿੱਚ ਹਥਿਆਰਾਂ ਦੀਆਂ ਦੋ ਖੇਪਾਂ ਹਾਸਲ ਕੀਤੀਆਂ। ਉਸਨੇ ਪਹਿਲੀ ਖੇਪ ਜੋਗਾ ਨੂੰ ਦਿੱਤੀ, ਜੋ ਉਸ ਸਮੇਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਭਗੌੜਾ ਸੀ ਅਤੇ ਬਾਅਦ ਵਿੱਚ ਗੁਰੂਗ੍ਰਾਮ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ।
ਦੂਜੀ ਖੇਪ ਉਸ ਵੱਲੋਂ ਸ਼ੂਟਰ ਗੁਰਪਾਲ ਅਤੇ ਗੁਰੀ ਨੂੰ ਸਾਬਾ ਅਮਰੀਕਾ ਦੇ ਨਿਰਦੇਸ਼ਾਂ ‘ਤੇ ਪਹੁੰਚਾਈ ਗਈ ਸੀ। ਉਸਨੇ 6 ਨਵੰਬਰ, 2023 ਨੂੰ ਗੁਰਪਾਲ ਨੂੰ ਭੱਜਣ ਵਿੱਚ ਵੀ ਸਹਾਇਤਾ ਕੀਤੀ, ਜਿਸ ਦਿਨ ਗੁਰੀ ਨੂੰ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਫੜਿਆ ਗਿਆ ਸੀ। ਸਾਬਾ ਅਮਰੀਕਾ ਅਤੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਪ੍ਰਵੀਨ ਕੁਮਾਰ ਨੇ ਸ਼ੂਟਰ ਗੁਰਪਾਲ ਨੂੰ ਲਾਲੜੂ ਦੇ ਇੱਕ ਹੋਟਲ ਵਿੱਚ ਲੁਕਣ ਦਾ ਟਿਕਾਣਾ ਕਰਕੇ ਦਿੱਤਾ, ਜਦੋਂ ਉਹ ਕਾਨੂੰਨ ਤੋਂ ਬਚ ਰਿਹਾ ਸੀ।
6 ਨਵੰਬਰ, 2023 ਨੂੰ ਜ਼ੀਰਕਪੁਰ ਵਿਖੇ ਹੋਏ ਐਨਕਾਊਂਟਰ ਦੀ ਘਟਨਾ ਤੋਂ ਬਾਅਦ ਗੋਲਡੀ ਬਰਾੜ ਅਤੇ ਸਾਬਾ ਯੂ ਐਸ ਏ ਗੈਂਗ ਦੇ ਕੁੱਲ ਪੰਜ (5) ਕਾਰਕੁਨਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਐਸ ਐਸ ਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ :Commercial Courts Act : D.L.S.A ਵਲੋਂ ਕਮਰਸ਼ੀਅਲ ਕੋਰਟ ਐਕਟ ਦੇ ਅਧੀਨ ਪ੍ਰੀ-ਸੰਸਥਾ ਵਿਚੋਲਗੀ ਤੇ ਸੈਮੀਨਾਰ