- ਖੇਡ ਮੰਤਰੀ ਨੇ ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਉਸ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਤਰਫੋਂ ਵਧਾਈ ਦਿੱਤੀ
ਇੰਡੀਆ ਨਿਊਜ਼, ਚੰਡੀਗੜ੍ਹ/ਲੁਧਿਆਣਾ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਜੋ ਪੰਜਾਬ ਦਾ ਵਸਨੀਕ ਹੈ, ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ
ਮੀਤ ਹੇਅਰ ਨੇ ਕਿਹਾ ਕਿ ਧਰੁਵ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਇਸ ਖਿਡਾਰੀ ਉੱਪਰ ਪੂਰੇ ਸੂਬੇ ਨੂੰ ਮਾਣ ਹੈ। ਧਰੁਵ ਦੀ ਇਹ ਪ੍ਰਾਪਤੀ ਨਵੀਂ ਉਮਰ ਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡੇ ਅਸਲ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਧਰੁਵ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵਧਾਈ ਦੇਣਗੇ।
ਪੰਜਾਬ ਦੀ ਖੇਡ ਨੀਤੀ ਵਿੱਚ ਬਹੁਤ ਤਰੁੱਟੀਆਂ : ਮੀਤ ਹੇਅਰ
ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਬਹੁਤ ਤਰੁੱਟੀਆਂ ਹਨ ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪਛੜ ਗਿਆ। ਥੌਮਸ ਕੱਪ ਸਮੇਤ ਕਈ ਵੱਡੇ ਮੁਕਾਬਲਿਆਂ ਦੇ ਜੇਤੂਆਂ ਲਈ ਨਗਦ ਇਨਾਮ ਦੇਣਾ ਖੇਡ ਨੀਤੀ ਦਾ ਹਿੱਸਾ ਨਹੀਂ ਹੈ। ਖੇਡ ਨੀਤੀ ਵਿੱਚ ਸੋਧ ਕਰ ਕੇ ਇਹ ਕਮੀ ਦੂਰ ਕੀਤੀ ਜਾਵੇਗੀ।
ਪੰਜਾਬ ਵਿੱਚ ਖੇਡ ਸਟੇਡੀਅਮ ਤਾਂ ਬਣਾ ਲਏ ਪਰ ਗਰਾਊਂਡ ਤਿਆਰ ਨਹੀਂ ਕੀਤੇ
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਖੇਡ ਸਟੇਡੀਅਮ ਤਾਂ ਬਣਾ ਲਏ ਪਰ ਗਰਾਊਂਡ ਤਿਆਰ ਨਹੀਂ ਕੀਤੇ, ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਨਹੀਂ ਮੁਹੱਈਆ ਕਰਵਾਇਆ ਗਿਆ। ਹੁਣ ਸਾਡੀ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕੀਤੀ ਜਾ ਸਕੇ।
ਧਰੁਵ ਨੇ ਖੇਡ ਮੰਤਰੀ ਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਤੋਹਫ਼ੇ ਦੇ ਰੂਪ ਵਿੱਚ ਦਿੱਤਾ
ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਤੇ ਸ਼ਿਵਾਨੀ ਕਪਿਲਾ ਅਤੇ ਧਰੁਵ ਦੇ ਕੋਚ ਆਨੰਦ ਤਿਵਾੜੀ ਨੂੰ ਵੀ ਵਧਾਈ ਦਿੱਤੀ।ਧਰੁਵ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਧਰੁਵ ਨਾਲ ਖੇਡ ਸੰਬੰਧੀ ਗੱਲਬਾਤ ਕਰਦਿਆਂ ਆਉਣ ਵਾਲੇ ਖੇਡ ਮੁਕਾਬਲਿਆਂ ਅਤੇ ਕੈਂਪ ਸੰਬੰਧੀ ਜਾਣਕਾਰੀ ਲਈ। ਇਸ ਮੌਕੇ ਧਰੁਵ ਨੇ ਖੇਡ ਮੰਤਰੀ ਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਤੋਹਫ਼ੇ ਦੇ ਰੂਪ ਵਿੱਚ ਦਿੱਤਾ।
ਇਸ ਮੌਕੇ ਸਥਾਨਕ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਏ.ਡੀ.ਸੀ. ਅਨੀਤਾ ਦਰਸ਼ੀ ਤੇ ਐਸ.ਡੀ.ਐਮ. ਜਗਦੀਪ ਸਹਿਗਲ ਵੀ ਮੌਜੂਦ ਸਨ।
ਇਹ ਵੀ ਪੜੋ : ਪੰਜਾਬ ‘ਚ ਨਸ਼ਿਆਂ ਖਿਲਾਫ ਸਰਕਾਰ ਦੀ ਮੁਹਿੰਮ, ਮੁੱਖ ਮੰਤਰੀ ਨੇ ਕੱਢੀ ਸਾਈਕਲ ਰੈਲੀ
ਇਹ ਵੀ ਪੜੋ : ਪੰਜਾਬ ਨੇ ਡੀਐਸਆਰ ਤਕਨੀਕ ਤਹਿਤ 30 ਲੱਖ ਏਕੜ ਝੋਨਾ ਲਿਆਉਣ ਦਾ ਟੀਚਾ ਰੱਖਿਆ
ਸਾਡੇ ਨਾਲ ਜੁੜੋ : Twitter Facebook youtube